< 1 ਸਮੂਏਲ 6 >

1 ਸੋ ਯਹੋਵਾਹ ਦਾ ਸੰਦੂਕ ਸੱਤ ਮਹੀਨਿਆਂ ਤੱਕ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ। 2 ਤਦ ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਆਖਿਆ, ਕਿ ਯਹੋਵਾਹ ਦੇ ਇਸ ਸੰਦੂਕ ਨੂੰ ਅਸੀਂ ਕੀ ਕਰੀਏ? ਸਾਨੂੰ ਦੱਸੋ ਕਿ ਕਿਸ ਤਰ੍ਹਾਂ ਉਸ ਨੂੰ ਉਹ ਦੇ ਸਥਾਨ ਵਿੱਚ ਪਹੁੰਚਾਈਏ। 3 ਉਹਨਾਂ ਨੇ ਕਿਹਾ, ਜੇ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਭੇਜਦੇ ਹੋ ਤਾਂ ਖਾਲੀ ਨਾ ਭੇਜੋ ਸਗੋਂ ਇੱਕ ਦੋਸ਼ ਦੀ ਭੇਟ ਉਹ ਦੇ ਨਾਲ ਜ਼ਰੂਰ ਭੇਜ ਦਿਓ ਤਾਂ ਤੁਸੀਂ ਚੰਗੇ ਹੋ ਜਾਓਗੇ ਅਤੇ ਤੁਸੀਂ ਜਾਣ ਲਓਗੇ ਉਸਦਾ ਹੱਥ ਤੁਹਾਡੇ ਉੱਤੋਂ ਕਿਉਂ ਨਹੀਂ ਚੁੱਕਿਆ ਗਿਆ। 4 ਤਦ ਉਨ੍ਹਾਂ ਨੇ ਪੁੱਛਿਆ ਅਸੀਂ ਦੋਸ਼ ਦੀ ਭੇਟ ਲਈ ਕੀ ਭੇਜੀਏ? ਉਹ ਬੋਲੇ, ਫ਼ਲਿਸਤੀ ਸਰਦਾਰਾਂ ਦੀ ਗਿਣਤੀ ਅਨੁਸਾਰ ਪੰਜ ਸੋਨੇ ਦੇ ਚੂਹੇ ਅਤੇ ਪੰਜ ਸੋਨੇ ਦੀਆਂ ਗਿਲ੍ਹਟੀਆਂ ਕਿਉਂ ਜੋ ਤੁਸੀਂ ਸਭਨਾਂ ਉੱਤੇ ਅਤੇ ਤੁਹਾਡੇ ਸਰਦਾਰਾਂ ਉੱਤੇ ਇੱਕੋ ਜਿਹੀ ਬਵਾਂ ਹੈ। 5 ਸੋ ਤੁਸੀਂ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਅਤੇ ਉਨ੍ਹਾਂ ਚੂਹਿਆਂ ਦੀਆਂ ਮੂਰਤਾਂ ਜੋ ਦੇਸ ਨੂੰ ਵਿਗਾੜਦੀਆਂ ਹਨ ਬਣਾਓ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰੋ। ਹੋ ਸਕਦਾ ਹੈ ਕਿ ਉਹ ਤੁਹਾਥੋਂ ਅਤੇ ਤੁਹਾਡੇ ਦੇਵਤਿਆਂ ਅਤੇ ਤੁਹਾਡੇ ਦੇਸ ਉੱਤੋਂ ਆਪਣਾ ਹੱਥ ਚੁੱਕ ਲਵੇ। 6 ਤੁਸੀਂ ਆਪਣੇ ਮਨ ਨੂੰ ਸਖ਼ਤ ਕਿਉਂ ਕਰਦੇ ਹੋ ਜਿਵੇਂ ਮਿਸਰੀਆਂ ਨੇ ਅਤੇ ਫ਼ਿਰਊਨ ਨੇ ਆਪਣੇ ਮਨਾਂ ਨੂੰ ਸਖ਼ਤ ਕੀਤਾ? ਜਿਸ ਵੇਲੇ ਉਨ੍ਹਾਂ ਨੂੰ ਉਸ ਨੇ ਅਚਰਜ਼ ਸ਼ਕਤੀਆਂ ਦਿਖਾਈਆਂ। ਭਲਾ, ਉਹਨਾਂ ਨੇ ਉਨ੍ਹਾਂ ਲੋਕਾਂ ਨੂੰ ਜਾਣ ਨਹੀਂ ਦਿੱਤਾ ਅਤੇ ਉਹ ਚੱਲੇ ਨਾ ਗਏ? 7 ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਓ ਅਤੇ ਦੋ ਲਵੇਰੀਆਂ ਗਊਆਂ ਨੂੰ ਗੱਡੀ ਹੇਠ ਜੋੜ ਲਓ ਅਤੇ ਉਨ੍ਹਾਂ ਦੀਆਂ ਵੱਛੀਆਂ ਨੂੰ ਪਿੱਛੇ ਘਰ ਰਹਿਣ ਦਿਓ। 8 ਯਹੋਵਾਹ ਦਾ ਸੰਦੂਕ ਲੈ ਕੇ ਉਸ ਗੱਡੀ ਦੇ ਉੱਤੇ ਰੱਖੋ ਅਤੇ ਸੋਨੇ ਦੀਆਂ ਵਸਤਾਂ ਜੋ ਦੋਸ਼ ਦੀ ਭੇਟ ਲਈ ਉਹ ਦੇ ਕੋਲ ਭੇਜਦੇ ਹੋ ਇੱਕ ਸੰਦੂਕ ਵਿੱਚ ਪਾ ਕੇ ਉਹ ਦੇ ਇੱਕ ਪਾਸੇ ਰੱਖ ਦਿਓ ਅਤੇ ਉਹ ਨੂੰ ਵਿਦਾ ਕਰ ਦਿਓ ਜੋ ਤੁਰ ਜਾਵੇ। 9 ਅਤੇ ਵੇਖੋ, ਜੇ ਉਹ ਆਪਣੇ ਦੇਸ ਦੇ ਰਾਹ ਬੈਤ ਸ਼ਮਸ਼ ਵੱਲ ਚੜ੍ਹੇ ਤਾਂ ਇਹ ਵੱਡੀ ਬਿਪਤਾ ਉਸੇ ਨੇ ਸਾਡੇ ਉੱਤੇ ਪਾਈ ਹੈ ਅਤੇ ਜੇ ਨਾ ਜਾਵੇ ਤਾਂ ਅਸੀਂ ਜਾਣਾਂਗੇ ਕਿ ਸਾਡੇ ਉੱਤੇ ਉਹ ਦਾ ਹੱਥ ਨਹੀਂ ਚੱਲਿਆ ਸਗੋਂ ਇਹ ਗੱਲ ਜੋ ਸਾਡੇ ਉੱਤੇ ਹੋਈ ਹੈ ਸੋ ਐਂਵੇਂ ਹੀ ਹੋਈ ਹੈ। 10 ੧੦ ਸੋ ਲੋਕਾਂ ਨੇ ਅਜਿਹਾ ਹੀ ਕੀਤਾ ਜੋ ਦੋ ਲਵੇਰੀਆਂ ਗਊਆਂ ਲਈਆਂ ਅਤੇ ਉਨ੍ਹਾਂ ਨੂੰ ਗੱਡੀ ਅੱਗੇ ਜੋਤਿਆ ਅਤੇ ਉਨ੍ਹਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ। 11 ੧੧ ਅਤੇ ਯਹੋਵਾਹ ਦਾ ਸੰਦੂਕ ਅਤੇ ਸੋਨੇ ਦੇ ਚੂਹੇ ਅਤੇ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਦੇ ਸੰਦੂਕ ਨੂੰ ਗੱਡੀ ਵਿੱਚ ਰੱਖਿਆ। 12 ੧੨ ਤਦ ਗਊਆਂ ਸਿੱਧੀਆਂ ਬੈਤਸ਼ਮਸ਼ ਦੇ ਰਾਹ ਵੱਲ ਤੁਰ ਪਈਆਂ ਅਤੇ ਉਸ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ ਅਤੇ ਸੱਜੇ ਖੱਬੇ ਪਾਸੇ ਨਾ ਮੁੜੀਆਂ ਅਤੇ ਫ਼ਲਿਸਤੀ ਸਰਦਾਰ ਉਨ੍ਹਾਂ ਦੇ ਪਿੱਛੇ ਬੈਤ ਸ਼ਮਸ਼ ਦੇ ਬੰਨ੍ਹੇ ਤੱਕ ਗਏ। 13 ੧੩ ਬੈਤ ਸ਼ਮਸ਼ ਦੇ ਲੋਕ ਕਣਕ ਦੀਆਂ ਵਾਢੀਆਂ ਕਰਦੇ ਸਨ। ਜਦ ਉਨ੍ਹਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਵੇਖਦੇ ਸਾਰ ਅਨੰਦ ਹੋ ਗਏ। 14 ੧੪ ਗੱਡੀ ਬੈਤਸ਼ਮਸ਼ੀ ਯਹੋਸ਼ੁਆ ਦੀ ਪੈਲੀ ਵਿੱਚ ਆਈ ਅਤੇ ਜਿੱਥੇ ਇੱਕ ਵੱਡਾ ਪੱਥਰ ਸੀ ਉੱਥੇ ਖਲੋ ਗਈ। ਸੋ ਉਨ੍ਹਾਂ ਨੇ ਗੱਡੀ ਦੀਆਂ ਲੱਕੜੀਆਂ ਨੂੰ ਚੀਰਿਆ ਅਤੇ ਗਊਆਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਇਆ। 15 ੧੫ ਲੇਵੀਆਂ ਨੇ ਯਹੋਵਾਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ ਜੋ ਉਸ ਦੇ ਨਾਲ ਸੀ ਅਤੇ ਜਿਸ ਦੇ ਵਿੱਚ ਸੋਨੇ ਦੀਆਂ ਵਸਤਾਂ ਸਨ, ਹੇਠਾਂ ਉਤਾਰਿਆ ਅਤੇ ਉਹ ਨੂੰ ਉਸ ਵੱਡੇ ਪੱਥਰ ਉੱਤੇ ਧਰਿਆ ਅਤੇ ਬੈਤ ਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਬਲੀਆਂ ਚੜ੍ਹਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ। 16 ੧੬ ਜਦ ਉਨ੍ਹਾਂ ਪੰਜਾਂ ਫ਼ਲਿਸਤੀ ਸਰਦਾਰਾਂ ਨੇ ਇਹ ਡਿੱਠਾ ਤਾਂ ਉਹ ਉਸੇ ਦਿਨ ਅਕਰੋਨ ਨੂੰ ਮੁੜ ਗਏ। 17 ੧੭ ਇਹ ਸੋਨੇ ਦੀਆਂ ਗਿਲ੍ਹਟੀਆਂ ਜੋ ਫ਼ਲਿਸਤੀਆਂ ਨੇ ਦੋਸ਼ ਦੀ ਭੇਟ ਲਈ ਚੜ੍ਹਾਈਆਂ ਉਨ੍ਹਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਅੱਜ਼ਾਹ ਦੀ, ਇੱਕ ਅਸ਼ਕਲੋਨ ਦੀ, ਇੱਕ ਗਥ ਦੀ ਅਤੇ ਇੱਕ ਅਕਰੋਨ ਦੀ 18 ੧੮ ਅਤੇ ਇਹ ਸੋਨੇ ਦੇ ਚੂਹੇ ਫ਼ਲਿਸਤੀਆਂ ਦੇ ਪੰਜਾਂ ਸਰਦਾਰਾਂ ਦੀ ਗਿਣਤੀ ਅਨੁਸਾਰ ਸਨ ਭਾਵੇਂ ਗੜ੍ਹ ਵਾਲੇ ਸ਼ਹਿਰਾਂ ਦੇ ਭਾਵੇਂ ਬਾਹਰਲੇ ਪਿੰਡਾਂ ਦੇ ਜਿੰਨੇ ਅਬੇਲ ਦੇ ਵੱਡੇ ਪੱਥਰ ਤੱਕ ਸਨ ਜਿਹ ਦੇ ਉੱਤੇ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਰੱਖਿਆ ਸੀ। ਉਹ ਅੱਜ ਦੇ ਦਿਨ ਤੱਕ ਬੈਤਸ਼ਮਸ਼ੀ ਯਹੋਸ਼ੁਆ ਦੀ ਪੈਲੀ ਵਿੱਚ ਹੈ। 19 ੧੯ ਉਹ ਨੇ ਬੈਤ ਸ਼ਮਸ਼ ਦੇ ਲੋਕਾਂ ਨੂੰ ਇਸ ਲਈ ਮਾਰਿਆ ਜੋ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਦੇ ਵਿੱਚ ਵੇਖਿਆ ਸੋ ਉਸ ਨੇ ਪੰਜਾਹ ਹਜ਼ਾਰ ਤੇ ਸੱਤਰ ਮਨੁੱਖ ਉਨ੍ਹਾਂ ਵਿੱਚੋਂ ਮਾਰ ਸੁੱਟੇ ਅਤੇ ਉੱਥੋਂ ਦੇ ਲੋਕ ਦੁਖੀ ਹੋਏ ਇਸ ਲਈ ਜੋ ਯਹੋਵਾਹ ਨੇ ਲੋਕਾਂ ਨੂੰ ਵੱਡੀ ਮਾਰ ਨਾਲ ਮਾਰਿਆ। 20 ੨੦ ਸੋ ਬੈਤ ਸ਼ਮਸ਼ ਦੇ ਲੋਕ ਬੋਲੇ, ਭਲਾ, ਕਿਸ ਦੀ ਹਿੰਮਤ ਹੈ ਜੋ ਕੋਈ ਇਸ ਪਵਿੱਤਰ ਯਹੋਵਾਹ ਪਰਮੇਸ਼ੁਰ ਦੇ ਅੱਗੇ ਖਲੋਵੇ ਅਤੇ ਉਹ ਸਾਡੇ ਕੋਲੋਂ ਕਿਸ ਦੇ ਵੱਲ ਜਾਵੇ? 21 ੨੧ ਤਦ ਉਨ੍ਹਾਂ ਨੇ ਕਿਰਯਥ-ਯਾਰੀਮ ਦੇ ਲੋਕਾਂ ਵੱਲ ਦੂਤ ਘੱਲੇ ਅਤੇ ਆਖਿਆ, ਫ਼ਲਿਸਤੀ ਯਹੋਵਾਹ ਦੇ ਸੰਦੂਕ ਨੂੰ ਮੋੜ ਲਿਆਏ ਹਨ ਸੋ ਤੁਸੀਂ ਆਓ ਅਤੇ ਆਪਣੀ ਵੱਲ ਲੈ ਜਾਓ।

< 1 ਸਮੂਏਲ 6 >