< 1 ਸਮੂਏਲ 20 >

1 ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਕੇ ਯੋਨਾਥਾਨ ਕੋਲ ਆਇਆ ਅਤੇ ਬੋਲਿਆ, ਮੈਂ ਕੀ ਕੀਤਾ ਹੈ? ਮੇਰਾ ਕੀ ਅਪਰਾਧ ਹੈ? ਮੈਂ ਤੇਰੇ ਪਿਤਾ ਦੇ ਵਿਰੁੱਧ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਨਾ ਚਾਹੁੰਦਾ ਹੈ? 2 ਤਦ ਉਸ ਨੇ ਉਹ ਨੂੰ ਆਖਿਆ, ਪਰਮੇਸ਼ੁਰ ਇਸ ਤਰ੍ਹਾਂ ਨਾ ਕਰੇ! ਤੂੰ ਨਾ ਮਾਰਿਆ ਜਾਵੇਂਗਾ। ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨ੍ਹਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ ਅਤੇ ਇਹ ਗੱਲ ਮੇਰਾ ਪਿਤਾ ਮੇਰੇ ਤੋਂ ਕਿਵੇਂ ਲੁਕਾਵੇਗਾ? ਅਜਿਹਾ ਨਾ ਹੋਵੇਗਾ। 3 ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਅਤੇ ਉਸ ਨੇ ਆਖਿਆ, ਜੋ ਯੋਨਾਥਾਨ ਇਹ ਨਾ ਜਾਣੇ ਕਿ ਉਹ ਦੁੱਖੀ ਹੋਵੇ ਪਰ ਜਿਉਂਦੇ ਪਰਮੇਸ਼ੁਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਦੇ ਵਿੱਚ ਸਿਰਫ਼ ਇੱਕ ਹੀ ਕਦਮ ਦੀ ਦੂਰੀ ਹੈ। 4 ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਜੋ ਕੁਝ ਤੇਰਾ ਜੀ ਚਾਹੇ ਉਹੋ ਮੈਂ ਤੇਰੇ ਲਈ ਕਰਾਂਗਾ। 5 ਦਾਊਦ ਨੇ ਯੋਨਾਥਾਨ ਨੂੰ ਆਖਿਆ, ਵੇਖ, ਕੱਲ ਨਵੇਂ ਚੰਨ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਜੋ ਉਸ ਦਿਨ ਮੈਂ ਰਾਜੇ ਨਾਲ ਭੋਜਨ ਕਰਾਂ ਪਰ ਤੂੰ ਮੈਨੂੰ ਇਜ਼ਾਜਤ ਦੇ ਜੋ ਮੈਂ ਤੀਜੇ ਦਿਨ ਦੀ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ। 6 ਜੇ ਕਦੀ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ ਤਾਂ ਉਹ ਨੂੰ ਆਖੀਂ ਜੋ ਦਾਊਦ ਨੇ ਮੇਰੇ ਕੋਲੋਂ ਛੇਤੀ ਹੀ ਆਪਣੇ ਸ਼ਹਿਰ ਬੈਤਲਹਮ ਨੂੰ ਜਾਣ ਲਈ ਮਿੰਨਤ ਕਰ ਕੇ ਛੁੱਟੀ ਲਈ ਹੈ ਕਿਉਂ ਜੋ ਉੱਥੇ ਸਾਰੇ ਪਰਿਵਾਰ ਦੇ ਲਈ ਸਾਲ ਦੀ ਬਲੀ ਭੇਂਟ ਹੈ। 7 ਸੋ ਜੇ ਉਹ ਬੋਲੇ, “ਠੀਕ ਹੈ” ਤਾਂ ਸਮਝੀ ਸਭ ਕੁਝ ਠੀਕ-ਠਾਕ ਹੈ, ਪਰ ਜੇ ਇਹ ਸੁਣ ਕੇ ਉਹ ਨੂੰ ਕ੍ਰੋਧ ਆਵੇ, ਤਾਂ ਸਮਝੀ ਕਿ ਉਸ ਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕਰ ਲਿਆ ਹੈ। 8 ਫੇਰ ਤੈਨੂੰ ਆਪਣੇ ਦਾਸ ਉੱਤੇ ਕਿਰਪਾ ਕਰਨ ਦੀ ਲੋੜ ਪਏਗੀ ਕਿਉਂ ਜੋ ਤੂੰ ਆਪਣੇ ਦਾਸ ਨੂੰ ਯਹੋਵਾਹ ਦੇ ਨੇਮ ਵਿੱਚ ਆਪਣੇ ਨਾਲ ਮਿਲਾਇਆ ਹੈ। ਤਦ ਵੀ ਜੇ ਕਦੀ ਮੇਰੇ ਵਿੱਚ ਕਮੀ ਹੋਵੇ ਤਾਂ ਤੂੰ ਆਪ ਹੀ ਮੈਨੂੰ ਮਾਰ ਸੁੱਟ ਪਰ ਤੂੰ ਆਪਣੇ ਪਿਤਾ ਦੇ ਹੱਥੋਂ ਕਿਉਂ ਮਰਨ ਦੇਵੇਂ? 9 ਤਦ ਯੋਨਾਥਾਨ ਬੋਲਿਆ, ਇਹ ਗੱਲ ਤੇਰੇ ਉੱਤੋਂ ਟਲ ਜਾਵੇ ਜੇ ਕਦੀ ਮੈਨੂੰ ਖ਼ਬਰ ਹੁੰਦੀ ਮੇਰਾ ਪਿਤਾ ਤੇਰੀ ਬੁਰਿਆਈ ਕਰਨਾ ਚਾਹੁੰਦਾ ਹੈ, ਕੀ ਮੈਂ ਤੈਨੂੰ ਖ਼ਬਰ ਨਾ ਕਰਦਾ? 10 ੧੦ ਫੇਰ ਦਾਊਦ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਕੌਣ ਖ਼ਬਰ ਦੇਵੇ? ਕੀ ਜਾਣੀਏ, ਤੇਰਾ ਪਿਤਾ ਤੈਨੂੰ ਅੱਗੋਂ ਸਖ਼ਤ ਜਵਾਬ ਦੇਵੇ। 11 ੧੧ ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਅਸੀਂ ਖੇਤ ਵਿੱਚ ਚੱਲੀਏ ਸੋ ਉਹ ਦੋਵੇਂ ਖੇਤ ਵਿੱਚ ਗਏ। 12 ੧੨ ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜਿਸ ਵੇਲੇ ਮੈਂ ਕੱਲ ਜਾਂ ਪਰਸੋਂ ਆਪਣੇ ਪਿਤਾ ਨੂੰ ਨਿਤਾਰਾਂ ਅਤੇ ਵੇਖ, ਜੇ ਉਹ ਦੀ ਨੀਤ ਦਾਊਦ ਦੇ ਭਲੇ ਵਿੱਚ ਹੋਵੇ ਅਤੇ ਤੇਰੇ ਕੋਲ ਖ਼ਬਰ ਨਾ ਘੱਲਾਂ ਅਤੇ ਤੈਨੂੰ ਨਾ ਦੱਸਾਂ। 13 ੧੩ ਤਦ ਯਹੋਵਾਹ ਯੋਨਾਥਾਨ ਨਾਲ ਵੀ ਤੇਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਅਤੇ ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਹੋਵਾਹ ਤੇਰੇ ਨਾਲ ਹੋਵੇ ਜਿਵੇਂ ਮੇਰੇ ਪਿਤਾ ਦੇ ਨਾਲ ਸੀ 14 ੧੪ ਅਤੇ ਤੂੰ ਸਿਰਫ਼ ਮੇਰੇ ਜਿਉਂਦੇ ਜੀ ਮੇਰੇ ਉੱਤੇ ਯਹੋਵਾਹ ਦੀ ਕਿਰਪਾ ਕਰੇ, ਜੋ ਮੈਂ ਮਰ ਨਾ ਜਾਂਵਾਂ। 15 ੧੫ ਸਗੋਂ ਜਿਸ ਵੇਲੇ ਯਹੋਵਾਹ ਤੇਰੇ ਸਾਰੇ ਵੈਰੀਆਂ ਨੂੰ ਧਰਤੀ ਉੱਤੋਂ ਨਾਸ ਕਰ ਦੇਵੇ ਤਾਂ ਸਦੀਪਕ ਕਾਲ ਦੇ ਲਈ ਮੇਰੀ ਸੰਤਾਨ ਉੱਤੋਂ ਵੀ ਆਪਣੀ ਕਿਰਪਾ ਨਾ ਹਟਾਵੀਂ। 16 ੧੬ ਸੋ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇਹ ਵਾਇਦਾ ਕੀਤਾ ਅਤੇ ਆਖਿਆ, ਭਈ ਯਹੋਵਾਹ ਦਾਊਦ ਦੇ ਵੈਰੀਆਂ ਕੋਲੋਂ ਬਦਲਾ ਲਵੇ। 17 ੧੭ ਯੋਨਾਥਾਨ ਨੇ ਦਾਊਦ ਕੋਲੋਂ ਦੋ ਵਾਰੀ ਸਹੁੰ ਚੁਕਾਈ ਇਸ ਲਈ ਜੋ ਉਸ ਨਾਲ ਉਹ ਦਾ ਬਹੁਤ ਪਿਆਰ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ। 18 ੧੮ ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ ਕੱਲ ਨਵੇਂ ਚੰਨ ਦਾ ਤਿਉਹਾਰ ਹੋਵੇਗਾ ਅਤੇ ਤੈਨੂੰ ਯਾਦ ਕੀਤਾ ਜਾਵੇਗਾ ਕਿਉਂ ਜੋ ਤੇਰੀ ਜਗ੍ਹਾ ਖਾਲੀ ਰਹੇਗੀ। 19 ੧੯ ਤੂੰ ਤਿੰਨਾਂ ਦਿਨਾਂ ਤੋਂ ਬਾਅਦ ਜ਼ਰੂਰ ਆਵੀਂ, ਜਿੱਥੇ ਤੂੰ ਉਸ ਦਿਨ ਲੁਕਿਆ ਸੀ, ਅੱਜਲ ਦੀ ਗੁਫਾ ਵਿੱਚ ਰਹੀ। 20 ੨੦ ਮੈਂ ਆ ਕੇ ਉਸ ਵੱਲ ਤਿੰਨ ਤੀਰ ਚਲਾਵਾਂਗਾ ਜਿਵੇਂ ਕਿਸੇ ਨਿਸ਼ਾਨੇ ਤੇ ਚਲਾਈਦਾ ਹੈ। 21 ੨੧ ਅਤੇ ਵੇਖ, ਉਸ ਵੇਲੇ ਮੈਂ ਇੱਕ ਮੁੰਡੇ ਨੂੰ ਭੇਜਾਂਗਾ ਜੋ ਤੀਰ ਲੱਭ ਕੇ ਲੈ ਆਵੇ। ਉਸ ਵੇਲੇ ਜੇ ਮੈਂ ਮੁੰਡੇ ਨੂੰ ਆਖਾਂ, ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿੱਕਲ ਆਵੀਂ ਕਿਉਂ ਜੋ ਤੇਰੇ ਲਈ ਸੁੱਖ ਹੈ ਅਤੇ ਜਿਉਂਦੇ ਪਰਮੇਸ਼ੁਰ ਦੀ ਸਹੁੰ, ਔਖ ਨਹੀਂ ਹੈ। 22 ੨੨ ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ, ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂ ਜੋ ਯਹੋਵਾਹ ਨੇ ਤੈਨੂੰ ਵਿਦਾ ਕੀਤਾ ਹੈ। 23 ੨੩ ਉਸ ਗੱਲ ਦੇ ਉੱਤੇ ਜਿਹੜੀ ਮੈਂ ਅਤੇ ਤੂੰ ਕੀਤੀ ਹੈ ਵੇਖ, ਯਹੋਵਾਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਹੋਵੇ। 24 ੨੪ ਸੋ ਦਾਊਦ ਮੈਦਾਨ ਦੇ ਵਿੱਚ ਲੁਕਿਆ ਅਤੇ ਜਦ ਨਵਾਂ ਚੰਦ ਹੋਇਆ ਤਾਂ ਰਾਜਾ ਰੋਟੀ ਖਾਣ ਲਈ ਬੈਠਾ, 25 ੨੫ ਅਤੇ ਰਾਜਾ ਆਪਣੀ ਰੀਤ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ ਅਤੇ ਯੋਨਾਥਾਨ ਉੱਠਿਆ ਅਤੇ ਅਬਨੇਰ ਸ਼ਾਊਲ ਦੇ ਇੱਕ ਪਾਸੇ ਵੱਲ ਬੈਠਾ, ਪਰ ਦਾਊਦ ਦੀ ਜਗ੍ਹਾ ਖਾਲੀ ਸੀ। 26 ੨੬ ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ, ਕਿਉਂ ਜੋ ਉਸ ਨੇ ਵਿਚਾਰਿਆ ਕਿ ਇਸ ਦਾ ਕੋਈ ਨਾ ਕੋਈ ਕਾਰਨ ਹੋਵੇਗਾ। ਅਸ਼ੁੱਧ ਹੋਣਾ ਹੈ, ਜ਼ਰੂਰ ਹੀ ਅਸ਼ੁੱਧ ਹੋਵੇਗਾ। 27 ੨੭ ਪਰ ਅਗਲੇ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਅਜਿਹਾ ਹੋਇਆ ਜੋ ਦਾਊਦ ਦਾ ਥਾਂ ਫੇਰ ਖਾਲੀ ਰਹੀ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, ਇਹ ਕੀ ਕਾਰਨ ਜੋ ਯੱਸੀ ਦਾ ਪੁੱਤਰ ਨਾ ਕੱਲ ਖਾਣ ਆਇਆ ਸੀ, ਨਾ ਅੱਜ? 28 ੨੮ ਤਦ ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ ਜੋ ਦਾਊਦ ਨੇ ਮਿੰਨਤ ਕਰ ਕੇ ਬੈਤਲਹਮ ਨੂੰ ਜਾਣ ਦੀ ਛੁੱਟੀ ਮੈਥੋਂ ਲਈ ਹੈ। 29 ੨੯ ਅਤੇ ਉਸ ਨੇ ਆਖਿਆ, ਮੈਨੂੰ ਛੁੱਟੀ ਦੇ ਕਿਉਂ ਜੋ ਸ਼ਹਿਰ ਵਿੱਚ ਸਾਡੇ ਪਰਿਵਾਰ ਦੀ ਇੱਕ ਬਲੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਹਾਜ਼ਿਰ ਹੋਣ ਲਈ ਆਖਿਆ ਹੈ ਅਤੇ ਹੁਣ ਜੇ ਕਦੀ ਮੈਂ ਤੁਹਾਡੇ ਵੇਖਣ ਵਿੱਚ ਕਿਰਪਾ ਜੋਗ ਹਾਂ ਤਾਂ ਮੈਨੂੰ ਛੁੱਟੀ ਦਿਉ ਕਿ ਮੈਂ ਆਪਣੇ ਭਰਾਵਾਂ ਨੂੰ ਜਾ ਮਿਲਾਂ। ਇਸ ਕਰਕੇ ਉਹ ਰਾਜੇ ਨਾਲ ਭੋਜਨ ਲਈ ਨਹੀਂ ਆਇਆ। 30 ੩੦ ਤਦ ਸ਼ਾਊਲ ਨੂੰ ਯੋਨਾਥਾਨ ਉੱਤੇ ਕ੍ਰੋਧ ਆਇਆ ਅਤੇ ਉਸ ਨੇ ਉਹ ਨੂੰ ਆਖਿਆ, ਹੇ ਦੁਸ਼ਟ ਦੇਸ਼ਧ੍ਰੋਹੀ ਦੇ ਪੁੱਤਰ! ਭਲਾ, ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਲੱਜ ਅਤੇ ਆਪਣੀ ਮਾਂ ਦੇ ਨੰਗੇਜ਼ ਦੀ ਲੱਜ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ? 31 ੩੧ ਜਦ ਤੱਕ ਇਹ ਯੱਸੀ ਦਾ ਪੁੱਤਰ ਧਰਤੀ ਉੱਤੇ ਜੀਉਂਦਾ ਹੈ ਤਦ ਤੱਕ ਨਾ ਤੂੰ ਸਥਿਰ ਹੋਵੇਂਗਾ ਨਾ ਤੇਰਾ ਰਾਜ। ਹੁਣੇ ਮਨੁੱਖ ਘੱਲ ਅਤੇ ਉਹ ਨੂੰ ਮੇਰੇ ਕੋਲ ਲਿਆ ਕਿਉਂ ਜੋ ਉਹ ਜ਼ਰੂਰ ਮਾਰਿਆ ਜਾਵੇ। 32 ੩੨ ਤਦ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਉੱਤਰ ਦਿੱਤਾ, ਉਹ ਕਿਉਂ ਮਾਰਿਆ ਜਾਵੇ? ਉਸ ਨੇ ਅਜਿਹਾ ਕੀ ਕੀਤਾ ਹੈ? 33 ੩੩ ਤਦ ਸ਼ਾਊਲ ਨੇ ਉਸ ਦੇ ਮਾਰਨ ਲਈ ਭਾਲਾ ਚਲਾਇਆ। ਤਦ ਯੋਨਾਥਾਨ ਨੂੰ ਖ਼ਬਰ ਹੋਈ ਜੋ ਉਹ ਦੇ ਪਿਤਾ ਨੇ ਦਾਊਦ ਨੂੰ ਮਾਰਨ ਦਾ ਮਨ ਬਣਾ ਲਿਆ ਹੈ। 34 ੩੪ ਸੋ ਯੋਨਾਥਾਨ ਵੱਡੇ ਕ੍ਰੋਧ ਨਾਲ ਭੋਜਨ ਦੀ ਮੇਜ਼ ਤੋਂ ਉੱਠ ਗਿਆ ਅਤੇ ਮਹੀਨੇ ਦੇ ਦੂਜੇ ਦਿਨ ਕੁਝ ਭੋਜਨ ਨਾ ਖਾਧਾ ਕਿਉਂ ਜੋ ਉਹ ਦਾਊਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਹ ਦੇ ਪਿਤਾ ਨੇ ਦਾਊਦ ਦਾ ਬਹੁਤ ਨਿਰਾਦਰ ਕੀਤਾ ਸੀ। 35 ੩੫ ਸਵੇਰ ਨੂੰ ਯੋਨਾਥਾਨ ਉਸੇ ਵੇਲੇ ਜੋ ਦਾਊਦ ਨਾਲ ਠਹਿਰਾਇਆ ਹੋਇਆ ਸੀ ਮੈਦਾਨ ਵੱਲ ਗਿਆ ਅਤੇ ਇੱਕ ਛੋਟਾ ਮੁੰਡਾ ਉਹ ਦੇ ਨਾਲ ਸੀ। 36 ੩੬ ਉਹ ਨੇ ਆਪਣੇ ਮੁੰਡੇ ਨੂੰ ਆਗਿਆ ਕੀਤੀ ਕਿ ਇਹ ਤੀਰ ਜੋ ਮੈਂ ਚਲਾਉਂਦਾ ਹਾਂ ਭੱਜ ਕੇ ਲੱਭ ਲਿਆ ਅਤੇ ਜਿਸ ਵੇਲੇ ਉਹ ਭੱਜਾ ਤਾਂ ਉਸ ਨੇ ਅਜਿਹਾ ਤੀਰ ਮਾਰਿਆ ਜੋ ਉਸ ਮੁੰਡੇ ਤੋਂ ਪਰੇ ਜਾ ਡਿੱਗਾ। 37 ੩੭ ਅਤੇ ਜਦ ਉਹ ਮੁੰਡਾ ਉਸ ਤੀਰ ਕੋਲ ਜੋ ਯੋਨਾਥਾਨ ਨੇ ਮਾਰਿਆ ਸੀ ਪਹੁੰਚ ਗਿਆ ਤਾਂ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਕਿਹਾ, ਕੀ, ਤੀਰ ਤੇਰੇ ਤੋਂ ਪਰੇ ਨਹੀਂ? 38 ੩੮ ਨਾਲੇ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਆਖਿਆ, ਛੇਤੀ ਕਰ, ਛੇਤੀ ਹੋ ਢਿੱਲ ਨਾ ਲਾ! ਸੋ ਯੋਨਾਥਾਨ ਦਾ ਮੁੰਡਾ ਤੀਰਾਂ ਨੂੰ ਇਕੱਠਾ ਕਰ ਕੇ ਆਪਣੇ ਮਾਲਕ ਕੋਲ ਲੈ ਆਇਆ। 39 ੩੯ ਪਰ ਉਸ ਮੁੰਡੇ ਨੇ ਕੁਝ ਨਾ ਸਮਝਿਆ, ਸਿਰਫ਼ ਦਾਊਦ ਅਤੇ ਯੋਨਾਥਾਨ ਹੀ ਇਸ ਗੱਲ ਨੂੰ ਜਾਣਦੇ ਸਨ। 40 ੪੦ ਫੇਰ ਯੋਨਾਥਾਨ ਨੇ ਆਪਣੇ ਹਥਿਆਰ ਉਸ ਮੁੰਡੇ ਨੂੰ ਦੇ ਕੇ ਆਖਿਆ, ਜਾ ਸ਼ਹਿਰ ਵੱਲ ਲੈ ਜਾ। 41 ੪੧ ਜਦ ਉਹ ਮੁੰਡਾ ਚੱਲਿਆ ਗਿਆ ਤਾਂ ਦਾਊਦ ਦੱਖਣ ਵੱਲੋਂ ਨਿੱਕਲਿਆ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਤਿੰਨ ਵਾਰੀ ਮੱਥਾ ਟੇਕਿਆ ਅਤੇ ਉਹਨਾਂ ਨੇ ਆਪੋ ਵਿੱਚ ਇੱਕ ਦੂਜੇ ਨੂੰ ਚੁੰਮਿਆ ਅਤੇ ਦੋਵੇਂ ਇਕੱਠੇ ਰੋਏ, ਪਰ ਦਾਊਦ ਵੱਧ ਰੋਇਆ। 42 ੪੨ ਯੋਨਾਥਾਨ ਨੇ ਦਾਊਦ ਨੂੰ ਆਖਿਆ, ਉਸ ਬਚਨ ਦੇ ਕਾਰਨ ਜੋ ਅਸੀਂ ਦੋਹਾਂ ਨੇ ਯਹੋਵਾਹ ਦੇ ਨਾਮ ਦੀ ਸਹੁੰ ਚੁੱਕ ਕੇ ਕੀਤਾ ਕਿ ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਹੋਵਾਹ ਰਹੇ, ਤੂੰ ਸੁੱਖ ਨਾਲ ਜਾ। ਸੋ ਉਹ ਉੱਠ ਕੇ ਵਿਦਾ ਹੋਇਆ ਅਤੇ ਯੋਨਾਥਾਨ ਸ਼ਹਿਰ ਨੂੰ ਗਿਆ।

< 1 ਸਮੂਏਲ 20 >