< 1 ਇਤਿਹਾਸ 22 >

1 ਤਦ ਦਾਊਦ ਨੇ ਆਖਿਆ, ਇਹ ਹੀ ਯਹੋਵਾਹ ਪਰਮੇਸ਼ੁਰ ਦਾ ਭਵਨ ਅਤੇ ਇਹ ਹੀ ਇਸਰਾਏਲ ਦੇ ਲਈ ਹੋਮ ਦੀ ਜਗਵੇਦੀ ਹੈ! 2 ਤਦ ਦਾਊਦ ਨੇ ਆਗਿਆ ਦਿੱਤੀ ਕਿ ਉਨ੍ਹਾਂ ਓਪਰਿਆਂ ਨੂੰ ਜਿਹੜੇ ਇਸਰਾਏਲ ਦੇ ਦੇਸ ਵਿੱਚ ਹਨ, ਇਕੱਠਾ ਕਰਨ ਅਤੇ ਉਸ ਨੇ ਪੱਥਰ ਘੜਨ ਵਾਲਿਆਂ ਨੂੰ ਠਹਿਰਾਇਆ, ਤਾਂ ਜੋ ਉਹ ਪਰਮੇਸ਼ੁਰ ਦੇ ਭਵਨ ਦੀ ਰਚਨਾ ਲਈ ਪੱਥਰ ਦੀਆਂ ਚੌਨੁੱਕਰੀਆਂ ਇੱਟਾਂ ਘੜਨ 3 ਅਤੇ ਦਾਊਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਕਿੱਲਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ 4 ਅਤੇ ਦਿਆਰ ਦੀ ਲੱਕੜੀ ਬਹੁਤ ਸਾਰੀ ਇਕੱਠੀ ਕੀਤੀ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਵਸਨੀਕ ਬਹੁਤ ਸਾਰੀ ਦਿਆਰ ਦੀ ਲੱਕੜੀ ਦਾਊਦ ਦੇ ਕੋਲ ਲਿਆਉਂਦੇ ਸਨ। 5 ਅਤੇ ਦਾਊਦ ਨੇ ਆਖਿਆ, “ਮੇਰਾ ਪੁੱਤਰ ਸੁਲੇਮਾਨ ਅਜੇ ਤਾਂ ਨਿਆਣਾ ਅਤੇ ਬਾਲਕ ਹੈ, ਅਤੇ ਜ਼ਰੂਰੀ ਹੈ ਕਿ ਜਿਹੜਾ ਭਵਨ ਯਹੋਵਾਹ ਦੇ ਲਈ ਬਣਾਇਆ ਜਾਵੇਗਾ, ਉਹ ਬਹੁਤ ਹੀ ਸੁੰਦਰ ਹੋਵੇ, ਤਾਂ ਕਿ ਉਹ ਦਾ ਨਾਮ ਅਤੇ ਪ੍ਰਤਾਪ ਸਾਰੇ ਦੇਸਾਂ ਵਿੱਚ ਉਜਾਗਰ ਹੋਵੇ, ਇਸ ਲਈ ਮੈਂ ਆਪ ਹੀ ਉਹ ਦੇ ਲਈ ਤਿਆਰੀ ਕਰਾਂਗਾ।” ਅਖ਼ੀਰ, ਦਾਊਦ ਨੇ ਆਪਣੇ ਮਰਨ ਤੋਂ ਪਹਿਲਾਂ ਬਹੁਤ ਜਿਆਦਾ ਤਿਆਰੀਆਂ ਕੀਤੀਆਂ। 6 ਫਿਰ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਸੱਦਿਆ ਅਤੇ ਉਸ ਨੂੰ ਆਗਿਆ ਦਿੱਤੀ, ਕਿ ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵੇ। 7 ਦਾਊਦ ਨੇ ਸੁਲੇਮਾਨ ਨੂੰ ਆਖਿਆ, ਮੇਰੇ ਪੁੱਤਰ! ਮੈਂ, ਹਾਂ, ਮੈਂ ਆਪਣੇ ਮਨ ਵਿੱਚ ਇਹ ਕਲਪਨਾ ਕੀਤੀ ਸੀ ਕਿ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵਾਂ। 8 ਪਰ ਯਹੋਵਾਹ ਦੀ ਬਾਣੀ ਮੇਰੇ ਮਨ ਵਿੱਚ ਇਸ ਪ੍ਰਕਾਰ ਆਈ, ਕਿ ਤੂੰ ਤਾਂ ਬਹੁਤ ਜਿਆਦਾ ਲਹੂ ਵਹਾਇਆ ਹੈ, ਅਤੇ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਂਗਾ, ਕਿਉਂ ਜੋ ਤੂੰ ਧਰਤੀ ਉੱਤੇ ਮੇਰੀ ਨਿਗਾਹ ਵਿੱਚ ਹੱਦੋਂ ਵੱਧ ਲਹੂ ਵਹਾਇਆ ਹੈ। 9 ਵੇਖ, ਤੇਰੇ ਘਰ ਇੱਕ ਪੁੱਤਰ ਜੰਮੇਗਾ ਜੋ ਸ਼ਾਂਤ ਵਿਅਕਤੀ ਹੋਵੇਗਾ ਅਤੇ ਮੈਂ ਉਸ ਨੂੰ ਉਹ ਦੇ ਸਾਰੇ ਵੈਰੀਆਂ ਤੋਂ ਅਰਾਮ ਦਿਆਂਗਾ, ਕਿਉਂ ਜੋ ਉਹ ਦਾ ਨਾਮ ਸੁਲੇਮਾਨ ਹੋਵੇਗਾ ਅਤੇ ਮੈਂ ਉਹ ਦੇ ਸਮੇਂ ਵਿੱਚ ਇਸਰਾਏਲ ਨੂੰ ਸੁੱਖ-ਸਾਂਦ ਅਤੇ ਮੇਲ-ਮਿਲਾਪ ਬਖ਼ਸ਼ਾਂਗਾ। 10 ੧੦ ਉਹ ਮੇਰੇ ਨਾਮ ਦੇ ਲਈ ਇੱਕ ਭਵਨ ਬਣਾਏਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਅਤੇ ਮੈਂ ਉਹ ਦਾ ਪਿਤਾ ਹੋਵਾਂਗਾ, ਮੈਂ ਇਸਰਾਏਲ ਉੱਤੇ ਉਸ ਦੇ ਰਾਜ ਦਾ ਸਿੰਘਾਸਣ ਸਦੀਪਕ ਕਾਲ ਤੱਕ ਸਥਿਰ ਕਰਾਂਗਾ। 11 ੧੧ ਹੁਣ ਹੇ ਮੇਰੇ ਪੁੱਤਰ, ਯਹੋਵਾਹ ਤੇਰੇ ਅੰਗ-ਸੰਗ ਰਹੇ ਤਾਂ ਜੋ ਤੂੰ ਸਫ਼ਲ ਹੋਵੇਂ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ। 12 ੧੨ ਯਹੋਵਾਹ ਕੇਵਲ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖ਼ਾਸ ਆਗਿਆ ਦੇਵੇ, ਤਾਂ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਨਾ ਕਰੇਂ। 13 ੧੩ ਤਾਂ ਤੂੰ ਸਫ਼ਲ ਹੋਵੇਂਗਾ, ਜੇ ਤੂੰ ਉਨ੍ਹਾਂ ਬਿਧੀਆਂ ਅਤੇ ਬਿਵਸਥਾ ਦੇ ਅਨੁਸਾਰ ਚੱਲੇਂਗਾ, ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲਈ ਮੂਸਾ ਨੂੰ ਆਗਿਆ ਦਿੱਤੀਆਂ ਸਨ। ਤਕੜਾ ਹੋ ਅਤੇ ਉਤਸ਼ਾਹ ਰੱਖ, ਡਰ ਨਹੀਂ ਅਤੇ ਨਾ ਘਬਰਾ। 14 ੧੪ ਵੇਖ, ਮੈਂ ਆਪਣੀ ਕਸ਼ਟ ਦੀ ਦਸ਼ਾ ਵਿੱਚ ਯਹੋਵਾਹ ਦੇ ਭਵਨ ਲਈ ਇੱਕ ਲੱਖ ਕੰਤਾਰ ਸੋਨਾ ਅਤੇ ਦਸ ਲੱਖ ਕੰਤਾਰ ਚਾਂਦੀ ਅਤੇ ਹੱਦੋਂ ਵੱਧ ਪਿੱਤਲ ਅਤੇ ਲੋਹਾ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਅਤੇ ਪੱਥਰ ਨੂੰ ਵੀ ਤਿਆਰ ਕੀਤਾ, ਤਾਂ ਤੂੰ ਉਨ੍ਹਾਂ ਨੂੰ ਹੋਰ ਵਾਧਾ ਕਰ ਸਕੇਂ। 15 ੧੫ ਤੇਰੇ ਕੋਲ ਬਹੁਤ ਸਾਰੇ ਕਾਰੀਗਰ ਵੀ ਹਨ, ਅਰਥਾਤ ਪੱਥਰ ਘੜਨ ਵਾਲੇ, ਪੱਥਰ ਤੋੜਨ ਵਾਲੇ ਅਤੇ ਤਰਖਾਣ, ਸਭ ਤਰ੍ਹਾਂ ਦੇ ਕਾਰੀਗਰ ਹਰੇਕ ਕੰਮ ਦੇ ਲਈ ਤੇਰੇ ਕੋਲ ਹਨ। 16 ੧੬ ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ਉੱਠ ਖੜਾ ਹੋ, ਲੱਕ ਬੰਨ ਕੇ ਕੰਮ ਕਰ, ਯਹੋਵਾਹ ਤੇਰੇ ਅੰਗ-ਸੰਗ ਹੋਵੇ!। 17 ੧੭ ਅਤੇ ਦਾਊਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ ਵੀ ਆਗਿਆ ਦਿੱਤੀ, ਜੋ ਉਹ ਦੇ ਪੁੱਤਰ ਸੁਲੇਮਾਨ ਦੀ ਸਹਾਇਤਾ ਕਰਨ ਅਤੇ ਇਹ ਆਖਿਆ, 18 ੧੮ “ਕੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਨਹੀਂ ਹੈ? ਕੀ ਉਸ ਨੇ ਹਰ ਪਾਸਿਓਂ ਤੁਹਾਨੂੰ ਸੁੱਖ ਨਹੀਂ ਦਿੱਤਾ ਹੈ? ਕਿਉਂ ਜੋ ਉਸ ਨੇ ਦੇਸ ਦੇ ਵਾਸੀਆਂ ਨੂੰ ਮੇਰੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਇਹ ਦੇਸ ਯਹੋਵਾਹ ਦੇ ਅੱਗੇ ਅਤੇ ਉਹ ਦੀ ਪਰਜਾ ਦੇ ਸਾਹਮਣੇ ਅਧੀਨ ਹੋਇਆ ਹੈ। 19 ੧੯ ਸੋ ਹੁਣ ਤੁਸੀਂ ਆਪਣੇ ਮਨ ਅਤੇ ਤਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਵਿੱਚ ਲੱਗੇ ਰਹੋ ਅਤੇ ਉੱਠ ਕੇ ਖੜੇ ਹੋਵੋ ਅਤੇ ਯਹੋਵਾਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਬਣਾਓ, ਜੋ ਤੁਸੀਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਭਾਂਡਿਆਂ ਨੂੰ ਉਸੇ ਭਵਨ ਦੇ ਵਿੱਚ ਜਿਹੜਾ ਯਹੋਵਾਹ ਦੇ ਨਾਮ ਦੇ ਲਈ ਬਣਾਇਆ ਜਾਵੇਗਾ, ਲੈ ਆਓ।”

< 1 ਇਤਿਹਾਸ 22 >