< ਮੱਤੀ 27 >

1 ਜਦ ਸਵੇਰ ਹੋਈ ਤਾਂ ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਯੋਜਨਾਂ ਬਣਾਈ ਜੋ ਉਹ ਨੂੰ ਜਾਨੋਂ ਮਾਰ ਸੁੱਟਣ। 2 ਅਤੇ ਉਹ ਨੂੰ ਬੰਨ੍ਹ ਕੇ ਲੈ ਗਏ ਅਤੇ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ। 3 ਤਦ ਯਹੂਦਾ ਜਿਸ ਨੇ ਉਸ ਨੂੰ ਫੜ੍ਹਵਾਇਆ ਸੀ, ਜਦੋਂ ਉਹ ਨੇ ਇਹ ਵੇਖਿਆ ਕਿ ਉਸ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਮੋੜ ਲਿਆਇਆ 4 ਅਤੇ ਬੋਲਿਆ, ਮੈਂ ਪਾਪ ਕੀਤਾ, ਜੋ ਨਿਰਦੋਸ਼ ਜਾਨ ਨੂੰ ਫੜ੍ਹਵਾ ਦਿੱਤਾ। ਪਰ ਉਹ ਬੋਲੇ, ਸਾਨੂੰ ਕੀ? ਤੂੰ ਹੀ ਜਾਣ। 5 ਅਤੇ ਉਹ ਉਨ੍ਹਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚੱਲਿਆ ਗਿਆ ਅਤੇ ਜਾ ਕੇ ਫਾਹਾ ਲੈ ਲਿਆ। 6 ਅਤੇ ਮੁੱਖ ਜਾਜਕਾਂ ਨੇ ਰੁਪਏ ਲੈ ਕੇ ਆਖਿਆ ਜੋ ਇਨ੍ਹਾਂ ਨੂੰ ਖ਼ਜ਼ਾਨੇ ਵਿੱਚ ਪਾਉਣਾਂ ਯੋਗ ਨਹੀਂ ਕਿਉਂਕਿ ਇਹ ਲਹੂ ਦਾ ਮੁੱਲ ਹੈ। 7 ਤਾਂ ਉਨ੍ਹਾਂ ਨੇ ਯੋਜਨਾਂ ਬਣਾ ਕੇ ਉਨ੍ਹਾਂ ਨਾਲ ਇੱਕ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਲਈ ਮੁੱਲ ਲਿਆ। 8 ਇਸ ਕਾਰਨ ਉਹ ਖੇਤ ਅੱਜ ਤੱਕ ਲਹੂ ਦਾ ਖੇਤ ਅਖਵਾਉਂਦਾ ਹੈ। 9 ਤਦ ਜਿਹੜਾ ਬਚਨ ਯਿਰਮਿਯਾਹ ਨਬੀ ਦੀ ਰਾਹੀਂ ਕਿਹਾ ਗਿਆ ਸੀ ਪੂਰਾ ਹੋਇਆ, ਕਿ ਉਨ੍ਹਾਂ ਨੇ ਤੀਹ ਸ਼ਕੇਲ ਲਏ ਅਰਥਾਤ ਉਸ ਦਾ ਮੁੱਲ ਜਿਸ ਦਾ ਇਸਰਾਏਲ ਦੇ ਵੰਸ਼ ਵਿੱਚੋਂ ਕਈਆਂ ਨੇ ਮੁੱਲ ਠਹਿਰਾਇਆ। 10 ੧੦ ਅਤੇ ਉਨ੍ਹਾਂ ਨੂੰ ਘੁਮਿਆਰ ਦੇ ਖੇਤ ਦੇ ਬਦਲੇ ਦਿੱਤਾ ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਕੀਤੀ। 11 ੧੧ ਯਿਸੂ ਹਾਕਮ ਦੇ ਸਾਹਮਣੇ ਖੜ੍ਹਾ ਸੀ ਅਤੇ ਹਾਕਮ ਨੇ ਉਸ ਤੋਂ ਇਹ ਪੁੱਛਿਆ, ਕੀ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ? ਯਿਸੂ ਨੇ ਉਹ ਨੂੰ ਆਖਿਆ, ਤੂੰ ਸੱਚ ਆਖਿਆ ਹੈ। 12 ੧੨ ਜਦ ਮੁੱਖ ਜਾਜਕ ਅਤੇ ਬਜ਼ੁਰਗ ਉਸ ਉੱਤੇ ਦੋਸ਼ ਲਾਉਂਦੇ ਸਨ, ਉਹ ਕੁਝ ਜ਼ਵਾਬ ਨਹੀਂ ਸੀ ਦਿੰਦਾ। 13 ੧੩ ਤਦ ਪਿਲਾਤੁਸ ਨੇ ਉਹ ਨੂੰ ਕਿਹਾ, ਤੂੰ ਸੁਣਦਾ ਨਹੀਂ, ਜੋ ਇਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦਿੰਦੇ ਹਨ? 14 ੧੪ ਪਰ ਉਸ ਨੇ ਉਹ ਨੂੰ ਇੱਕ ਗੱਲ ਦਾ ਵੀ ਜ਼ਵਾਬ ਨਾ ਦਿੱਤਾ, ਇੱਥੋਂ ਤੱਕ ਕਿ ਹਾਕਮ ਬਹੁਤ ਹੈਰਾਨ ਹੋਇਆ। 15 ੧੫ ਅਤੇ ਹਾਕਮ ਦਾ ਇਹ ਰਿਵਾਜ਼ ਸੀ ਜੋ ਉਸ ਤਿਉਹਾਰ ਤੇ ਲੋਕਾਂ ਦੇ ਲਈ ਇੱਕ ਕੈਦੀ ਨੂੰ ਛੱਡਦਾ ਹੁੰਦਾ ਸੀ, ਜਿਸ ਨੂੰ ਉਹ ਚਾਹੁੰਦੇ ਸਨ। 16 ੧੬ ਅਤੇ ਉਸ ਵੇਲੇ ਉਨ੍ਹਾਂ ਦਾ ਬਰੱਬਾ ਕਰਕੇ ਇੱਕ ਨਾਮੀ ਕੈਦੀ ਸੀ। 17 ੧੭ ਸੋ ਜਦ ਉਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ, ਬਰੱਬਾ ਨੂੰ ਜਾਂ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ? 18 ੧੮ ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਉਸ ਨੂੰ ਈਰਖਾ ਦੇ ਕਾਰਨ ਹਵਾਲੇ ਕੀਤਾ ਸੀ। 19 ੧੯ ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ, ਉਹ ਦੀ ਪਤਨੀ ਨੇ ਉਹ ਨੂੰ ਸੁਨੇਹਾ ਭੇਜਿਆ ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫ਼ਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਦੇਖਿਆ। 20 ੨੦ ਪਰ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਭੜਕਾਇਆ ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ। 21 ੨੧ ਫੇਰ ਹਾਕਮ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ? ਉਹ ਬੋਲੇ, ਬਰੱਬਾ ਨੂੰ! 22 ੨੨ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਫੇਰ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ, ਮੈਂ ਕੀ ਕਰਾਂ? ਉਹ ਸਭ ਬੋਲੇ, ਸਲੀਬ ਤੇ ਚੜ੍ਹਾ ਦਿਓ! 23 ੨੩ ਪਰ ਉਸ ਨੇ ਆਖਿਆ, ਉਹ ਨੇ ਕੀ ਬੁਰਿਆਈ ਕੀਤੀ ਹੈ? ਪਰ ਉਨ੍ਹਾਂ ਨੇ ਹੋਰ ਵੀ ਰੌਲ਼ਾ ਪਾ ਕੇ ਆਖਿਆ, ਇਸ ਨੂੰ ਸਲੀਬ ਤੇ ਚੜ੍ਹਾ ਦਿਓ! 24 ੨੪ ਜਦ ਪਿਲਾਤੁਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ, ਸਗੋਂ ਹੋਰ ਵੀ ਰੌਲ਼ਾ ਪੈਂਦਾ ਜਾਂਦਾ ਹੈ, ਤਦ ਉਹ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ! ਤੁਸੀਂ ਜਾਣੋ। 25 ੨੫ ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹ ਦਾ ਲਹੂ ਸਾਡੇ ਉੱਤੇ ਅਤੇ ਸਾਡੀ ਔਲਾਦ ਉੱਤੇ ਹੋਵੇ! 26 ੨੬ ਤਦ ਉਸ ਨੇ ਬਰੱਬਾ ਨੂੰ ਉਨ੍ਹਾਂ ਦੇ ਲਈ ਛੱਡ ਦਿੱਤਾ, ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕੀਤਾ। 27 ੨੭ ਤਦ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਦੀਵਾਨਖ਼ਾਨੇ ਵਿੱਚ ਲੈ ਜਾ ਕੇ, ਸਾਰੇ ਲੋਕ ਉਹ ਦੇ ਕੋਲ ਇਕੱਠੇ ਕੀਤੇ। 28 ੨੮ ਅਤੇ ਉਹ ਦੇ ਕੱਪੜੇ ਲਾਹ ਕੇ ਕਿਰਮਚੀ ਚੋਗਾ ਉਹ ਨੂੰ ਪੁਆਇਆ। 29 ੨੯ ਅਤੇ ਉਨ੍ਹਾਂ ਨੇ ਕੰਡਿਆਂ ਦਾ ਤਾਜ ਗੁੰਦਕੇ ਉਹ ਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹ ਦੇ ਸੱਜੇ ਹੱਥ ਵਿੱਚ ਦਿੱਤਾ ਅਤੇ ਉਹ ਦੇ ਸਾਹਮਣੇ ਗੋਡੇ ਨਿਵਾਏ ਅਤੇ ਉਹ ਨੂੰ ਮਖ਼ੌਲ ਕਰ ਕੇ ਆਖਿਆ, ਹੇ ਯਹੂਦੀਆਂ ਦੇ ਰਾਜਾ, ਨਮਸਕਾਰ! 30 ੩੦ ਅਤੇ ਉਨ੍ਹਾਂ ਨੇ ਉਸ ਉੱਤੇ ਥੁੱਕਿਆ ਅਤੇ ਉਹ ਕਾਨਾ ਲੈ ਕੇ ਉਹ ਦੇ ਸਿਰ ਉੱਤੇ ਮਾਰਿਆ। 31 ੩੧ ਜਦ ਉਹ ਮਖ਼ੌਲ ਕਰ ਹਟੇ ਤਦ ਉਨ੍ਹਾਂ ਨੇ ਉਹ ਚੋਗਾ ਉਹ ਦੇ ਉੱਤੋਂ ਲਾਹ ਲਿਆ ਅਤੇ ਉਸੇ ਦੇ ਕੱਪੜੇ ਉਹ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਹ ਨੂੰ ਲੈ ਗਏ। 32 ੩੨ ਜਦ ਉਹ ਬਾਹਰ ਜਾਂਦੇ ਸਨ ਉਨ੍ਹਾਂ ਨੇ ਸ਼ਮਊਨ ਨਾਮ ਦੇ ਇੱਕ ਕੁਰੇਨੀ ਮਨੁੱਖ ਨੂੰ ਵੇਖਿਆ। ਉਹਨਾਂ ਨੇ ਉਸ ਨੂੰ ਯਿਸੂ ਦੀ ਸਲੀਬ ਚੁੱਕ ਕੇ ਲੈ ਜਾਣ ਲਈ ਮਜ਼ਬੂਰ ਕੀਤਾ। 33 ੩੩ ਅਤੇ ਜਦ ਉਸ ਥਾਂ ਵਿੱਚ ਆਏ ਜਿਹ ਦਾ ਨਾਮ ਗਲਗਥਾ ਅਰਥਾਤ ਖੋਪੜੀ ਦਾ ਥਾਂ ਸੀ। 34 ੩੪ ਤਾਂ ਉਨ੍ਹਾਂ ਨੇ ਪਿੱਤ ਨਾਲ ਮਿਲਾਈ ਹੋਈ ਦਾਖ਼ਰਸ ਉਹ ਨੂੰ ਪੀਣ ਲਈ ਦਿੱਤੀ ਪਰ ਉਸ ਨੇ ਚੱਖ ਕੇ ਉਹ ਨੂੰ ਪੀਣਾ ਨਾ ਚਾਹਿਆ। 35 ੩੫ ਤਦ ਉਨ੍ਹਾਂ ਨੇ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਗੁਣੇ ਪਾ ਕੇ ਉਹ ਦੇ ਕੱਪੜੇ ਵੰਡ ਲਏ। 36 ੩੬ ਅਤੇ ਬੈਠ ਕੇ ਉਹ ਦੀ ਰਾਖੀ ਕਰਨ ਲੱਗੇ। 37 ੩੭ ਉਨ੍ਹਾਂ ਨੇ ਉਹ ਦੇ ਸਿਰ ਦੇ ਉਤਾਹਾਂ ਕਰ ਕੇ ਉਹ ਦੀ ਦੋਸ਼ ਪੱਤ੍ਰੀ ਲਾਈ, “ਇਹ ਯਿਸੂ ਯਹੂਦੀਆਂ ਦਾ ਰਾਜਾ ਹੈ”। 38 ੩੮ ਉਸ ਵੇਲੇ ਉਹ ਦੇ ਨਾਲ ਦੋ ਡਾਕੂ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਦੂਜਾ ਖੱਬੇ ਪਾਸੇ। 39 ੩੯ ਅਤੇ ਆਉਣ ਜਾਣ ਵਾਲੇ ਉਸ ਦਾ ਅਪਮਾਨ ਕਰ ਕੇ ਅਤੇ ਸਿਰ ਹਿਲਾ ਕੇ ਕਹਿਣ ਲੱਗੇ, 40 ੪੦ ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੀ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਲੀਬ ਉੱਤੋਂ ਉੱਤਰ ਆ! 41 ੪੧ ਅਤੇ ਇਸੇ ਤਰ੍ਹਾਂ ਮੁੱਖ ਜਾਜਕਾਂ ਨੇ ਵੀ ਉਪਦੇਸ਼ਕਾਂ ਅਤੇ ਬਜ਼ੁਰਗਾਂ ਦੇ ਨਾਲ ਮਿਲ ਕੇ ਮਖ਼ੌਲ ਕੀਤਾ ਅਤੇ ਕਿਹਾ, 42 ੪੨ ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਇਹ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬ ਤੋਂ ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਵਿਸ਼ਵਾਸ ਕਰਾਂਗੇ। 43 ੪੩ ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ। 44 ੪੪ ਅਤੇ ਉਹ ਡਾਕੂ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ, ਇਸੇ ਤਰ੍ਹਾਂ ਉਹ ਨੂੰ ਤਾਅਨੇ ਮਾਰਦੇ ਸਨ। 45 ੪੫ ਦੁਪਹਿਰ ਤੋਂ ਲੈ ਕੇ ਤੀਜੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨ੍ਹੇਰਾ ਰਿਹਾ। 46 ੪੬ ਅਤੇ ਤੀਜੇ ਪਹਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਕਿ “ਏਲੀ ਏਲੀ ਲਮਾ ਸਬਕਤਨੀ” ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ? 47 ੪੭ ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜ੍ਹੇ ਸਨ ਸੁਣ ਕੇ ਬੋਲੇ, ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ। 48 ੪੮ ਅਤੇ ਉਸੇ ਵੇਲੇ ਉਨ੍ਹਾਂ ਵਿੱਚੋਂ ਇੱਕ ਦੌੜ ਕੇ ਸਪੰਜ ਲਿਆਇਆ ਅਤੇ ਸਿਰਕੇ ਨਾਲ ਗਿੱਲਾ ਕਰਕੇ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੁਸਾਇਆ। 49 ੪੯ ਹੋਰਨਾਂ ਆਖਿਆ, ਰਹਿਣ ਦੇ। ਅਸੀਂ ਵੇਖੀਏ ਭਲਾ, ਏਲੀਯਾਹ ਉਹ ਦੇ ਬਚਾਉਣ ਨੂੰ ਆਉਂਦਾ ਹੈ ਕਿ ਨਹੀਂ? 50 ੫੦ ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ। 51 ੫੧ ਅਤੇ ਵੇਖੋ, ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ। 52 ੫੨ ਅਤੇ ਕਬਰਾਂ ਖੁੱਲ੍ਹ ਗਈਆਂ ਅਤੇ ਸੁੱਤੇ ਹੋਏ ਸੰਤਾਂ ਦੀਆਂ ਬਹੁਤ ਲੋਥਾਂ ਉੱਠਾਈਆਂ ਗਈਆਂ। 53 ੫੩ ਜੀ ਉੱਠਣ ਦੇ ਬਾਅਦ ਉਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ। 54 ੫੪ ਸੂਬੇਦਾਰ ਅਤੇ ਜਿਹੜੇ ਉਹ ਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ ਭੂਚਾਲ ਅਤੇ ਸਾਰੀ ਵਾਰਤਾ ਵੇਖ ਕੇ ਬਹੁਤ ਡਰੇ ਅਤੇ ਬੋਲੇ, ਇਹ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ! 55 ੫੫ ਉੱਥੇ ਬਹੁਤ ਔਰਤਾਂ ਦੂਰੋਂ ਵੇਖ ਰਹੀਆਂ ਸਨ, ਜਿਹੜੀਆਂ ਯਿਸੂ ਨੇ ਨਾਲ ਗਲੀਲ ਤੋਂ ਉਹ ਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ। 56 ੫੬ ਉਨ੍ਹਾਂ ਵਿੱਚ ਮਰਿਯਮ ਮਗਦਲੀਨੀ, ਯਾਕੂਬ ਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ। 57 ੫੭ ਜਦ ਸ਼ਾਮ ਹੋਈ ਤਾਂ ਯੂਸੁਫ਼ ਨਾਮ ਦਾ ਅਰਿਮਥੇਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ। 58 ੫੮ ਉਹ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ। ਤਦ ਪਿਲਾਤੁਸ ਨੇ ਲੋਥ ਦੇਣ ਦਾ ਹੁਕਮ ਕੀਤਾ। 59 ੫੯ ਅਤੇ ਯੂਸੁਫ਼ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲ੍ਹੇਟਿਆ 60 ੬੦ ਅਤੇ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ, ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਕੇ ਚੱਲਿਆ ਗਿਆ। 61 ੬੧ ਅਤੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ। 62 ੬੨ ਅਗਲੇ ਦਿਨ ਜਿਹੜਾ ਤਿਆਰੀ ਦੇ ਦਿਨ ਤੋਂ ਬਾਅਦ ਸੀ ਮੁੱਖ ਜਾਜਕ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਦੇ ਕੋਲ ਆਏ ਅਤੇ ਬੋਲੇ, 63 ੬੩ ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਧੋਖ਼ੇਬਾਜ ਆਪਣੇ ਜਿਉਂਦੇ ਜੀ ਕਹਿ ਗਿਆ ਸੀ, ਜੋ ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ। 64 ੬੪ ਇਸ ਲਈ ਹੁਕਮ ਕਰੋ ਜੋ ਤੀਜੇ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੋ ਇਹ ਗਲਤੀ ਪਹਿਲੀ ਨਾਲੋਂ ਬੁਰੀ ਹੋਵੇਗੀ। 65 ੬੫ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਰੱਖਿਅਕ ਤੁਹਾਡੇ ਕੋਲ ਹਨ। ਜਾਓ, ਜਿਸ ਤਰ੍ਹਾਂ ਸਮਝੋ ਉਹ ਦੀ ਰਾਖੀ ਕਰੋ। 66 ੬੬ ਸੋ ਉਹ ਗਏ ਅਤੇ ਪੱਥਰ ਉੱਤੇ ਮੋਹਰ ਲਾ ਕੇ, ਪਹਿਰੇ ਵਾਲਿਆਂ ਕੋਲੋਂ ਕਬਰ ਦੀ ਰਾਖੀ ਕਰਵਾਈ।

< ਮੱਤੀ 27 >