< ਅੱਯੂਬ 20 >

1 ਤਦ ਸੋਫ਼ਰ ਨਅਮਾਤੀ ਨੇ ਉੱਤਰ ਦੇ ਕੇ ਆਖਿਆ, 2 “ਮੇਰੀਆਂ ਬੇਚੈਨ ਸੋਚਾਂ ਮੈਨੂੰ ਜਵਾਬ ਦੇਣ ਲਈ ਮਜ਼ਬੂਰ ਕਰਦੀਆਂ ਹਨ। 3 ਮੈਂ ਉਹ ਝਿੜਕੀ ਸੁਣਦਾ ਜੋ ਮੈਨੂੰ ਸ਼ਰਮਿੰਦਾ ਕਰਦੀ ਹੈ, ਅਤੇ ਮੇਰਾ ਆਤਮਾ ਆਪਣੀ ਸਮਝ ਅਨੁਸਾਰ ਮੈਨੂੰ ਉੱਤਰ ਦਿੰਦਾ ਹੈ। 4 “ਕੀ ਤੂੰ ਇਹ ਮੁੱਢ ਤੋਂ ਨਹੀਂ ਜਾਣਦਾ, ਜਦ ਤੋਂ ਆਦਮੀ ਧਰਤੀ ਉੱਤੇ ਰੱਖਿਆ ਗਿਆ, 5 ਕਿ ਦੁਸ਼ਟਾਂ ਦਾ ਜੈਕਾਰਾ ਥੋੜ੍ਹੇ ਚਿਰ ਲਈ ਹੈ, ਅਤੇ ਕੁਧਰਮੀਆਂ ਦਾ ਅਨੰਦ ਇੱਕ ਪਲ ਦਾ ਹੈ? 6 ਜੇ ਉਹ ਦੀ ਉਚਿਆਈ ਅਕਾਸ਼ ਤੱਕ ਵੀ ਪਹੁੰਚੇ, ਅਤੇ ਉਹ ਦਾ ਸਿਰ ਬੱਦਲਾਂ ਨੂੰ ਜਾ ਲੱਗੇ, 7 ਤਾਂ ਵੀ ਉਹ ਧੂੜ੍ਹ ਵਾਂਗੂੰ ਸਦਾ ਲਈ ਨਾਸ ਹੋ ਜਾਵੇਗਾ, ਉਹ ਦੇ ਵੇਖਣ ਵਾਲੇ ਆਖਣਗੇ, ਉਹ ਕਿੱਥੇ ਹੈ? 8 ਉਹ ਸੁਫ਼ਨੇ ਵਾਂਗੂੰ ਉੱਡ ਜਾਵੇਗਾ, ਅਤੇ ਨਾ ਲੱਭੇਗਾ ਅਤੇ ਰਾਤ ਨੂੰ ਵੇਖੇ ਦਰਸ਼ਣ ਵਾਂਗੂੰ ਨਾ ਰਹੇਗਾ। 9 ਜਿਹੜੀ ਅੱਖ ਨੇ ਉਸ ਨੂੰ ਵੇਖਿਆ ਉਹ ਫੇਰ ਨਹੀਂ ਵੇਖੇਗੀ, ਅਤੇ ਉਸ ਦੇ ਥਾਂ ਤੇ ਉਸ ਦਾ ਕੁਝ ਪਤਾ ਨਾ ਰਹੇਗਾ, 10 ੧੦ ਉਹ ਦੇ ਬੱਚੇ ਕੰਗਾਲਾਂ ਤੋਂ ਮਦਦ ਮੰਗਣਗੇ, ਅਤੇ ਉਹ ਦੇ ਬੱਚੇ ਉਹ ਦਾ ਮਾਲ-ਧਨ ਮੋੜਨਗੇ। 11 ੧੧ ਉਹ ਦੀਆਂ ਹੱਡੀਆਂ ਜੁਆਨੀ ਦੇ ਬਲ ਨਾਲ ਭਰੀਆਂ ਹੋਈਆਂ ਤਾਂ ਹਨ, ਪਰ ਉਹ ਉਸ ਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ। 12 ੧੨ “ਭਾਵੇਂ ਬੁਰਿਆਈ ਉਹ ਦੇ ਮੂੰਹ ਵਿੱਚ ਮਿੱਠੀ ਲੱਗੇ, ਅਤੇ ਉਹ ਆਪਣੀ ਜੀਭ ਦੇ ਹੇਠ ਉਹ ਨੂੰ ਲੁਕਾਵੇ, 13 ੧੩ ਭਾਵੇਂ ਉਹ ਉਸ ਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਆਪਣੇ ਸੰਘ ਵਿੱਚ ਦਬਾ ਕੇ ਰੱਖੇ, 14 ੧੪ ਤਾਂ ਵੀ ਉਹ ਦੀ ਰੋਟੀ ਉਹ ਦੀਆਂ ਆਂਦਰਾਂ ਵਿੱਚ ਪਲਟ ਜਾਂਦੀ ਹੈ, ਉਹ ਉਸ ਦੇ ਅੰਦਰ ਸੱਪਾਂ ਦਾ ਜ਼ਹਿਰ ਹੋ ਜਾਂਦੀ ਹੈ। 15 ੧੫ ਉਹ ਦੌਲਤ ਨੂੰ ਨਿਗਲ ਤਾਂ ਗਿਆ ਹੈ ਪਰ ਉਹ ਨੂੰ ਫਿਰ ਉਗਲੇਗਾ, ਪਰਮੇਸ਼ੁਰ ਉਹ ਨੂੰ ਉਸ ਦੇ ਢਿੱਡ ਵਿੱਚੋਂ ਕੱਢ ਲਵੇਗਾ। 16 ੧੬ ਉਹ ਨਾਗਾਂ ਦਾ ਵਿਸ ਚੂਸੇਗਾ, ਸੱਪ ਦਾ ਡੰਗ ਉਹ ਨੂੰ ਮਾਰ ਸੁੱਟੇਗਾ! 17 ੧੭ ਉਹ ਨਦੀਆਂ ਨੂੰ ਨਾ ਵੇਖੇਗਾ ਅਰਥਾਤ ਸ਼ਹਿਦ ਅਤੇ ਦਹੀਂ ਦੀਆਂ ਵਗਦੀਆਂ ਨਦੀਆਂ ਨੂੰ। 18 ੧੮ ਉਹ ਆਪਣੀ ਕਸ਼ਟ ਨਾਲ ਕੀਤੀ ਹੋਈ ਕਮਾਈ ਨੂੰ ਮੋੜ ਦੇਵੇਗਾ ਪਰ ਆਪ ਉਸ ਨੂੰ ਨਹੀਂ ਨਿਗਲੇਗਾ, ਉਹ ਆਪਣੇ ਲੈਣ-ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ ਨਾ ਮਨਾਏਗਾ, 19 ੧੯ ਕਿਉਂ ਜੋ ਉਸ ਨੇ ਗਰੀਬਾਂ ਨੂੰ ਦਬਾਇਆ ਅਤੇ ਤਿਆਗ ਦਿੱਤਾ, ਉਸ ਨੇ ਘਰਾਂ ਨੂੰ ਖੋਹ ਲਿਆ ਜਿਹੜੇ ਉਸ ਨੇ ਨਹੀਂ ਉਸਾਰੇ। 20 ੨੦ “ਕਿਉਂ ਜੋ ਲਾਲਸਾ ਦੇ ਕਾਰਨ ਉਸ ਨੇ ਆਪਣੇ ਅੰਦਰ ਸ਼ਾਂਤੀ ਨਾ ਜਾਣੀ, ਇਸ ਲਈ ਉਹ ਆਪਣੀਆਂ ਮਨ ਭਾਉਣੀਆਂ ਚੀਜ਼ਾਂ ਨਾ ਬਚਾ ਸਕੇਗਾ। 21 ੨੧ ਕੋਈ ਵੀ ਚੀਜ਼ ਉਸ ਦੇ ਨਿਗਲਣ ਤੋਂ ਬਾਕੀ ਨਾ ਬਚੀ, ਇਸ ਕਾਰਨ ਉਹ ਦੀ ਖੁਸ਼ਹਾਲੀ ਬਣੀ ਨਾ ਰਹੇਗੀ। 22 ੨੨ ਉਹ ਆਪਣੀ ਭਰਪੂਰੀ ਦੀ ਬਹੁਤਾਇਤ ਵਿੱਚ ਵੀ ਲੋੜਵੰਦ ਰਹੇਗਾ, ਤਦ ਹਰੇਕ ਦੁਖਿਆਰੇ ਦਾ ਹੱਥ ਉਹ ਦੇ ਉੱਤੇ ਆਵੇਗਾ। 23 ੨੩ ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ ਤਦ ਪਰਮੇਸ਼ੁਰ ਆਪਣਾ ਕਹਿਰ ਉਸ ਉੱਤੇ ਘੱਲੇਗਾ ਅਤੇ ਉਹ ਦੇ ਰੋਟੀ ਖਾਣ ਦੇ ਵੇਲੇ ਉਹ ਉਸ ਉੱਤੇ ਆ ਪਵੇਗਾ। 24 ੨੪ ਉਹ ਲੋਹੇ ਦੇ ਹਥਿਆਰ ਤੋਂ ਭੱਜੇਗਾ ਅਤੇ ਪਿੱਤਲ ਦਾ ਧਣੁੱਖ ਉਹ ਨੂੰ ਵਿੰਨ੍ਹ ਸੁੱਟੇਗਾ, 25 ੨੫ ਉਹ ਉਸ ਤੀਰ ਨੂੰ ਬਾਹਰ ਖਿੱਚਦਾ ਅਤੇ ਉਹ ਉਸ ਦੇ ਸਰੀਰ ਵਿੱਚੋਂ ਬਾਹਰ ਆਉਂਦਾ ਹੈ, ਤਦ ਉਹ ਦੀ ਚਮਕਦੀ ਹੋਈ ਨੋਕ ਉਹ ਦੇ ਪਿੱਤੇ ਵਿੱਚੋਂ ਨਿੱਕਲੇਗੀ, ਅਤੇ ਭੈਅ ਉਸ ਦੇ ਉੱਤੇ ਆ ਪਵੇਗਾ। 26 ੨੬ ਉਸ ਦੇ ਖ਼ਜ਼ਾਨਿਆਂ ਉੱਤੇ ਘੁੱਪ ਹਨ੍ਹੇਰਾ ਛਾ ਜਾਵੇਗਾ, ਅਣਸੁਲਗੀ ਅੱਗ ਉਹ ਨੂੰ ਭਸਮ ਕਰੇਗੀ, ਜੋ ਕੁਝ ਉਹ ਦੇ ਤੰਬੂ ਵਿੱਚ ਬਾਕੀ ਹੈ, ਉਸ ਨੂੰ ਵੀ ਭਸਮ ਕਰ ਦੇਵੇਗੀ! 27 ੨੭ ਅਕਾਸ਼ ਉਹ ਦੀ ਬਦੀ ਨੂੰ ਪਰਗਟ ਕਰੇਗਾ, ਅਤੇ ਧਰਤੀ ਉਹ ਦੇ ਵਿਰੁੱਧ ਖੜ੍ਹੀ ਹੋਵੇਗੀ। 28 ੨੮ ਉਹ ਦੇ ਘਰ ਦਾ ਮਾਲ ਰੁੜ੍ਹ ਜਾਵੇਗਾ, ਪਰਮੇਸ਼ੁਰ ਦੇ ਕ੍ਰੋਧ ਦੇ ਦਿਨ ਵਿੱਚ ਉਹ ਵਗ ਜਾਵੇਗਾ, 29 ੨੯ ਪਰਮੇਸ਼ੁਰ ਵੱਲੋਂ ਦੁਸ਼ਟ ਮਨੁੱਖ ਦਾ ਇਹੋ ਹੀ ਹਿੱਸਾ ਹੈ, ਇਹ ਪਰਮੇਸ਼ੁਰ ਵੱਲੋਂ ਉਹ ਦੇ ਲਈ ਨਿਯੁਕਤ ਕੀਤੀ ਹੋਈ ਮਿਰਾਸ ਹੈ!”

< ਅੱਯੂਬ 20 >