< ਉਤਪਤ 15 >

1 ਇਨ੍ਹਾਂ ਗੱਲਾਂ ਤੋਂ ਬਾਅਦ ਯਹੋਵਾਹ ਦਾ ਇਹ ਬਚਨ ਦਰਸ਼ਣ ਵਿੱਚ ਅਬਰਾਮ ਕੋਲ ਆਇਆ: ਨਾ ਡਰ ਅਬਰਾਮ, ਮੈਂ ਤੇਰੇ ਲਈ ਢਾਲ਼ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ। 2 ਅਬਰਾਮ ਨੇ ਆਖਿਆ, ਹੇ ਪ੍ਰਭੂ ਯਹੋਵਾਹ, ਤੂੰ ਮੈਨੂੰ ਕੀ ਦੇਵੇਂਗਾ? ਕਿਉਂ ਜੋ ਮੈਂ ਬੇ-ਔਲਾਦ ਜਾਂਦਾ ਹਾਂ ਅਤੇ ਮੇਰੇ ਘਰ ਦਾ ਵਾਰਿਸ ਇਹ ਦੰਮਿਸ਼ਕੀ ਅਲੀਅਜ਼ਰ ਹੈ। 3 ਅਬਰਾਮ ਨੇ ਆਖਿਆ ਵੇਖ ਤੂੰ ਮੈਨੂੰ ਕੋਈ ਅੰਸ ਨਹੀਂ ਦਿੱਤੀ ਅਤੇ ਵੇਖ ਮੇਰੇ ਘਰਾਣੇ ਵਿੱਚ ਜੰਮਿਆ ਮੇਰਾ ਵਾਰਿਸ ਹੋਵੇਗਾ। 4 ਤਦ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ, ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਵਿੱਚੋਂ ਹੋਵੇਗਾ ਉਹ ਤੇਰਾ ਵਾਰਿਸ ਹੋਵੇਗਾ। 5 ਯਹੋਵਾਹ ਪਰਮੇਸ਼ੁਰ ਉਸ ਨੂੰ ਬਾਹਰ ਲੈ ਗਿਆ ਅਤੇ ਆਖਿਆ, ਅਕਾਸ਼ ਵੱਲ ਵੇਖ ਅਤੇ ਤਾਰਿਆਂ ਨੂੰ ਗਿਣ, ਕੀ ਤੂੰ ਉਹਨਾਂ ਨੂੰ ਗਿਣ ਸਕਦਾ ਹੈ? ਫੇਰ ਉਸ ਨੇ ਉਹ ਨੂੰ ਆਖਿਆ, ਤੇਰੀ ਅੰਸ ਐਨੀ ਹੀ ਹੋਵੇਗੀ। 6 ਉਸ ਨੇ ਯਹੋਵਾਹ ਉੱਤੇ ਵਿਸ਼ਵਾਸ ਕੀਤਾ, ਅਤੇ ਯਹੋਵਾਹ ਨੇ ਉਹ ਦੇ ਲਈ ਇਸ ਗੱਲ ਨੂੰ ਧਾਰਮਿਕਤਾ ਗਿਣਿਆ। 7 ਤਦ ਉਸ ਨੇ ਉਹ ਨੂੰ ਆਖਿਆ, ਮੈਂ ਉਹੀ ਯਹੋਵਾਹ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਨਗਰ ਵਿੱਚੋਂ ਬਾਹਰ ਕੱਢ ਲੈ ਆਇਆ ਹਾਂ, ਤਾਂ ਜੋ ਮੈਂ ਤੈਨੂੰ ਇਹ ਦੇਸ਼ ਤੇਰੀ ਵਿਰਾਸਤ ਹੋਣ ਲਈ ਦੇ ਦਿਆਂ। 8 ਉਸ ਨੇ ਆਖਿਆ, ਹੇ ਪ੍ਰਭੂ ਯਹੋਵਾਹ ਮੈਂ ਕਿਸ ਤਰ੍ਹਾਂ ਜਾਣਾ ਕਿ ਮੈਂ ਉਸ ਨੂੰ ਵਿਰਾਸਤ ਦੇ ਤੌਰ ਤੇ ਲਵਾਂਗਾ? 9 ਯਹੋਵਾਹ ਨੇ ਉਸ ਨੂੰ ਆਖਿਆ, ਮੇਰੇ ਲਈ ਇੱਕ ਤਿੰਨ ਸਾਲ ਦੀ ਵੱਛੀ, ਇੱਕ ਤਿੰਨ ਸਾਲ ਦੀ ਬੱਕਰੀ ਅਤੇ ਇੱਕ ਤਿੰਨ ਸਾਲ ਦਾ ਲੇਲਾ, ਇੱਕ ਘੁੱਗੀ ਅਤੇ ਇੱਕ ਕਬੂਤਰ ਦਾ ਬੱਚਾ ਲੈ। 10 ੧੦ ਉਹ ਯਹੋਵਾਹ ਦੇ ਲਈ ਇਹ ਸਭ ਕੁਝ ਲੈ ਆਇਆ ਅਤੇ ਉਨ੍ਹਾਂ ਦੇ ਦੋ-ਦੋ ਟੋਟੇ ਕੀਤੇ ਅਤੇ ਉਸ ਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ, ਪਰ ਪੰਛੀਆਂ ਦੇ ਟੋਟੇ ਨਾ ਕੀਤੇ। 11 ੧੧ ਜਦ ਸ਼ਿਕਾਰੀ ਪੰਛੀ ਉਨ੍ਹਾਂ ਲੋਥਾਂ ਉੱਤੇ ਉਤਰੇ, ਤਦ ਅਬਰਾਮ ਨੇ ਉਨ੍ਹਾਂ ਨੂੰ ਹਟਾਇਆ। 12 ੧੨ ਜਦ ਸੂਰਜ ਡੁੱਬਣ ਲੱਗਾ, ਤਦ ਅਬਰਾਮ ਨੂੰ ਗੂੜ੍ਹੀ ਨੀਂਦ ਆ ਪਈ ਅਤੇ ਵੇਖੋ, ਇੱਕ ਵੱਡਾ ਡਰਾਉਣਾ ਹਨ੍ਹੇਰਾ ਉਹ ਦੇ ਉੱਤੇ ਛਾ ਗਿਆ। 13 ੧੩ ਉਸ ਨੇ ਅਬਰਾਮ ਨੂੰ ਆਖਿਆ, ਤੂੰ ਸੱਚ ਜਾਣ, ਕਿ ਤੇਰਾ ਵੰਸ਼ ਇੱਕ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ ਅਤੇ ਉਹ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਰੱਖਣਗੇ ਅਤੇ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ। 14 ੧੪ ਪਰ ਉਸ ਕੌਮ ਨੂੰ ਵੀ ਜਿਸ ਦੀ ਉਹ ਗ਼ੁਲਾਮੀ ਕਰਨਗੇ, ਮੈਂ ਸਜ਼ਾ ਦਿਆਂਗਾ, ਅਤੇ ਇਸ ਤੋਂ ਬਾਅਦ ਉਹ ਵੱਡੇ ਮਾਲ-ਧਨ ਨਾਲ ਉੱਥੋਂ ਨਿੱਕਲ ਆਉਣਗੇ। 15 ੧੫ ਪਰ ਤੂੰ ਆਪਣੇ ਪੁਰਖਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ। 16 ੧੬ ਤੂੰ ਚੰਗੀ ਬਜ਼ੁਰਗੀ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਵਾਪਿਸ ਮੁੜ ਆਉਣਗੇ ਕਿਉਂਕਿ ਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ। 17 ੧੭ ਅਜਿਹਾ ਹੋਇਆ ਕਿ ਜਦ ਸੂਰਜ ਡੁੱਬ ਗਿਆ ਅਤੇ ਹਨ੍ਹੇਰਾ ਹੋ ਗਿਆ ਤਾਂ ਵੇਖੋ ਇੱਕ ਧੂੰਏਂ ਵਾਲਾ ਤੰਦੂਰ ਅਤੇ ਬਲਦੀ ਮਸ਼ਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ। 18 ੧੮ ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆ, ਤੇਰੀ ਅੰਸ ਨੂੰ ਮੈਂ ਇਹ ਦੇਸ਼ ਦੇ ਦਿੱਤਾ ਹੈ ਅਰਥਾਤ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ ਤੱਕ 19 ੧੯ ਅਰਥਾਤ ਕੇਨੀ, ਕਨਿੱਜ਼ੀ ਅਤੇ ਕਦਮੋਨੀ, 20 ੨੦ ਹਿੱਤੀ, ਫ਼ਰਿੱਜ਼ੀ ਅਤੇ ਰਫ਼ਾਈਮ, 21 ੨੧ ਅਮੋਰੀ, ਕਨਾਨੀ, ਗਿਰਗਾਸ਼ੀ ਅਤੇ ਯਬੂਸੀ ਇਹ ਵੀ ਦੇ ਦਿੱਤੇ ਹਨ।

< ਉਤਪਤ 15 >