< ਅਜ਼ਰਾ 9 >

1 ਜਦ ਇਹ ਸਭ ਕੁਝ ਹੋ ਚੁੱਕਿਆ ਤਾਂ ਆਗੂਆਂ ਨੇ ਮੇਰੇ ਕੋਲ ਆ ਕੇ ਕਿਹਾ, “ਇਸਰਾਏਲ ਦੀ ਪਰਜਾ, ਜਾਜਕ ਤੇ ਲੇਵੀ ਇਸ ਦੇਸ਼ ਦੀਆਂ ਕੌਮਾਂ ਤੋਂ ਵੱਖਰੇ ਨਹੀਂ ਰਹੇ, ਪਰ ਕਨਾਨੀਆਂ, ਹਿੱਤੀਆਂ, ਫ਼ਰਿੱਜ਼ੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ ਅਤੇ ਅਮੋਰੀਆਂ ਦੇ ਘਿਣਾਉਣੇ ਕੰਮਾਂ ਦੇ ਅਨੁਸਾਰ ਕੰਮ ਕਰਦੇ ਹਨ। 2 ਕਿਉਂ ਜੋ ਉਹਨਾਂ ਨੇ ਉਨ੍ਹਾਂ ਦੀਆਂ ਧੀਆਂ, ਆਪਣੇ ਲਈ ਤੇ ਆਪਣੇ ਪੁੱਤਰਾਂ ਲਈ ਵਿਆਹ ਲਈਆਂ ਹਨ ਅਤੇ ਪਵਿੱਤਰ ਪਰਜਾ ਇਸ ਦੇਸ਼ ਦੀਆਂ ਕੌਮਾਂ ਵਿੱਚ ਰਲ ਮਿਲ ਗਈ ਹੈ, ਅਤੇ ਇਸ ਧੋਖੇ ਵਿੱਚ ਆਗੂ ਅਤੇ ਹਾਕਮ ਸਭ ਤੋਂ ਅੱਗੇ ਹਨ।” 3 ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਦਿੱਤੀ ਅਤੇ ਆਪਣੇ ਸਿਰ ਤੇ ਦਾੜ੍ਹੀ ਦੇ ਵਾਲ਼ ਪੁੱਟੇ ਅਤੇ ਸੁੰਨ ਹੋ ਕੇ ਬੈਠ ਗਿਆ। 4 ਤਦ ਉਹ ਸਾਰੇ ਜਿਹੜੇ ਇਸਰਾਏਲ ਦੇ ਪਰਮੇਸ਼ੁਰ ਦੀਆਂ ਗੱਲਾਂ ਤੋਂ ਕੰਬਦੇ ਸਨ, ਉਨ੍ਹਾਂ ਲੋਕਾਂ ਦੇ ਧੋਖੇ ਦੇ ਕਾਰਨ ਜੋ ਗ਼ੁਲਾਮੀ ਤੋਂ ਮੁੜ ਆਏ ਸਨ, ਮੇਰੇ ਕੋਲ ਇਕੱਠੇ ਹੋ ਗਏ ਅਤੇ ਮੈਂ ਸ਼ਾਮ ਦੀ ਬਲੀ ਚੜ੍ਹਾਉਣ ਤੱਕ ਸੁੰਨ ਹੋ ਕੇ ਬੈਠਿਆ ਰਿਹਾ। 5 ਸ਼ਾਮ ਦੀ ਬਲੀ ਚੜ੍ਹਾਉਣ ਦੇ ਸਮੇਂ, ਮੈਂ ਵਰਤ ਤੋਂ ਉੱਠਿਆ ਅਤੇ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਕੇ, ਆਪਣੇ ਗੋਡਿਆਂ ਉੱਤੇ ਝੁੱਕਿਆ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਆਪਣੇ ਹੱਥ ਫੈਲਾਏ। 6 ਤਦ ਮੈਂ ਇਹ ਪ੍ਰਾਰਥਨਾ ਕੀਤੀ, “ਹੇ ਮੇਰੇ ਪਰਮੇਸ਼ੁਰ! ਮੈਂ ਆਪਣਾ ਮੂੰਹ ਤੇਰੀ ਵੱਲ ਚੁੱਕਣ ਤੋਂ ਸ਼ਰਮਿੰਦਾ ਹਾਂ ਅਤੇ ਹੇ ਮੇਰੇ ਪਰਮੇਸ਼ੁਰ! ਮੈਂ ਬੇਇੱਜ਼ਤ ਹੋ ਗਿਆ ਹਾਂ, ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਤੋਂ ਵੀ ਉੱਪਰ ਤੱਕ ਵੱਧ ਗਏ ਹਨ ਅਤੇ ਸਾਡੀ ਬੁਰਿਆਈ ਅਕਾਸ਼ ਤੱਕ ਪਹੁੰਚ ਗਈ ਹੈ। 7 ਆਪਣੇ ਪੁਰਖਿਆਂ ਦੇ ਦਿਨਾਂ ਤੋਂ, ਅੱਜ ਦੇ ਦਿਨ ਤੱਕ ਅਸੀਂ ਵੱਡੀ ਬੁਰਿਆਈ ਕਰਦੇ ਰਹੇ ਹਾਂ ਅਤੇ ਆਪਣੇ ਅਪਰਾਧਾਂ ਦੇ ਕਾਰਨ ਅਸੀਂ ਅਤੇ ਸਾਡੇ ਰਾਜੇ, ਤੇ ਸਾਡੇ ਜਾਜਕ ਇਨ੍ਹਾਂ ਦੇਸਾਂ ਦੇ ਰਾਜਿਆਂ ਦੇ ਹੱਥ ਵਿੱਚ, ਤਲਵਾਰ ਲਈ, ਗ਼ੁਲਾਮੀ ਲਈ, ਲੁੱਟੇ ਜਾਣ ਲਈ, ਅਤੇ ਬੇਇੱਜ਼ਤ ਹੋਣ ਲਈ ਉਨ੍ਹਾਂ ਦੇ ਹਵਾਲੇ ਕੀਤੇ ਜਾਂਦੇ ਰਹੇ ਹਾਂ, ਜਿਵੇਂ ਕਿ ਅੱਜ ਦੇ ਦਿਨ ਹੈ।” 8 ਪਰ ਹੁਣ ਕੁਝ ਦਿਨਾਂ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਦੀ ਦਯਾ ਸਾਡੇ ਉੱਤੇ ਹੋਈ ਹੈ ਅਤੇ ਉਸ ਨੇ ਸਾਡੇ ਵਿੱਚੋਂ ਕੁਝ ਨੂੰ ਬਚਾ ਲਿਆ ਹੈ ਅਤੇ ਸਾਨੂੰ ਆਪਣੇ ਪਵਿੱਤਰ ਸਥਾਨ ਵਿੱਚ ਇੱਕ ਮਜ਼ਬੂਤ ਕਿੱਲ ਬਣਾਇਆ ਹੈ ਤਾਂ ਜੋ ਸਾਡਾ ਪਰਮੇਸ਼ੁਰ ਸਾਡੀਆਂ ਅੱਖਾਂ ਨੂੰ ਰੋਸ਼ਨੀ ਦੇਵੇ ਅਤੇ ਗ਼ੁਲਾਮੀ ਵਿੱਚ ਸਾਨੂੰ ਥੋੜ੍ਹੀ ਜਿਹੀ ਤਸੱਲੀ ਬਖ਼ਸ਼ੇ। 9 ਕਿਉਂ ਜੋ ਅਸੀਂ ਤਾਂ ਗ਼ੁਲਾਮ ਹਾਂ, ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਸਾਡੀ ਗ਼ੁਲਾਮੀ ਵਿੱਚ ਨਹੀਂ ਛੱਡਿਆ ਸਗੋਂ ਫ਼ਾਰਸ ਦੇ ਰਾਜਿਆਂ ਦੇ ਸਾਹਮਣੇ, ਸਾਡੇ ਉੱਤੇ ਆਪਣੀ ਦਯਾ ਨੂੰ ਵਧਾਇਆ ਤਾਂ ਜੋ ਸਾਨੂੰ ਤਸੱਲੀ ਦੀ ਜ਼ਿੰਦਗੀ ਬਖ਼ਸ਼ੇ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਉਸਾਰੀਏ ਅਤੇ ਉਸ ਦੇ ਖੰਡਰਾਂ ਦੀ ਮੁਰੰਮਤ ਕਰੀਏ ਕਿ ਉਹ ਸਾਨੂੰ ਯਹੂਦਾਹ ਤੇ ਯਰੂਸ਼ਲਮ ਵਿੱਚ ਆਸਰਾ ਦੇਵੇ। 10 ੧੦ “ਹੁਣ ਹੇ ਸਾਡੇ ਪਰਮੇਸ਼ੁਰ! ਇਸ ਤੋਂ ਬਾਅਦ ਅਸੀਂ ਤੈਨੂੰ ਕੀ ਆਖੀਏ? ਕਿਉਂ ਜੋ ਅਸੀਂ ਤੇਰੇ ਉਨ੍ਹਾਂ ਹੁਕਮਾਂ ਨੂੰ ਭੁਲਾ ਦਿੱਤਾ ਹੈ, 11 ੧੧ ਜਿਨ੍ਹਾਂ ਨੂੰ ਤੂੰ ਇਹ ਕਹਿ ਕੇ, ਆਪਣੇ ਦਾਸ ਨਬੀਆਂ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਰਤੀ ਜਿਸ ਨੂੰ ਤੁਸੀਂ ਕਬਜ਼ੇ ਵਿੱਚ ਲੈਣ ਲਈ ਜਾਂਦੇ ਹੋ, ਉਸ ਦੇਸ਼ ਦੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਕਾਰਨ ਅਪਵਿੱਤਰ ਧਰਤੀ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਭਰਿਸ਼ਟ ਕਰ ਛੱਡਿਆ ਹੈ। 12 ੧੨ ਹੁਣ ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤਰਾਂ ਨੂੰ ਨਾ ਵਿਆਹੁਣਾ ਅਤੇ ਨਾ ਉਨ੍ਹਾਂ ਦੀਆਂ ਧੀਆਂ ਨਾਲ ਆਪਣੇ ਪੁੱਤਰਾਂ ਦਾ ਵਿਆਹ ਕਰਨਾ ਅਤੇ ਨਾ ਹੀ ਉਨ੍ਹਾਂ ਦੀ ਸਲਾਮਤੀ ਤੇ ਵਾਧਾ ਚਾਹੁਣਾ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਉਸ ਧਰਤੀ ਦੇ ਪਦਾਰਥ ਖਾਓ ਅਤੇ ਉਸ ਨੂੰ ਆਪਣੇ ਵੰਸ਼ ਲਈ ਸਦੀਪਕ ਕਾਲ ਦੀ ਮਿਲਖ਼ ਹੋਣ ਲਈ ਛੱਡ ਜਾਓ। 13 ੧੩ ਇਨ੍ਹਾਂ ਸਾਰੀਆਂ ਮੁਸੀਬਤਾਂ ਦੇ ਬਾਅਦ, ਜਿਹੜੀਆਂ ਸਾਡੇ ਬੁਰੇ ਕੰਮਾਂ ਅਤੇ ਸਾਡੇ ਵੱਡੇ ਦੋਸ਼ਾਂ ਦੇ ਕਾਰਨ ਸਾਡੇ ਉੱਤੇ ਆਈਆਂ, ਹੇ ਸਾਡੇ ਪਰਮੇਸ਼ੁਰ! ਤੂੰ ਸਾਨੂੰ ਸਾਡੇ ਪਾਪਾਂ ਦੇ ਜੋਗ ਬਹੁਤ ਘੱਟ ਸਜ਼ਾ ਦਿੱਤੀ ਅਤੇ ਸਾਨੂੰ ਛੁਟਕਾਰਾ ਦਿੱਤਾ ਹੈ। 14 ੧੪ ਕੀ ਅਸੀਂ ਫੇਰ ਤੇਰੇ ਹੁਕਮਾਂ ਨੂੰ ਤੋੜੀਏ ਅਤੇ ਇਨ੍ਹਾਂ ਘਿਣਾਉਣੇ ਕੰਮ ਕਰਨ ਵਾਲੀਆਂ ਕੌਮਾਂ ਨਾਲ ਸੰਬੰਧ ਜੋੜੀਏ? ਕੀ ਤੇਰਾ ਕ੍ਰੋਧ ਇੱਥੋਂ ਤੱਕ ਸਾਡੇ ਉੱਤੇ ਨਾ ਭੜਕੇਗਾ ਜੋ ਸਾਡਾ ਕੁਝ ਵੀ ਨਾ ਰਹੇ, ਨਾ ਕੋਈ ਬਚੇ ਅਤੇ ਨਾ ਛੁਟਕਾਰਾ ਹੋਵੇ? 15 ੧੫ ਹੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ! ਤੂੰ ਧਰਮੀ ਹੈਂ ਤਾਂ ਹੀ ਅਸੀਂ ਅੱਜ ਦੇ ਦਿਨ ਤੱਕ ਬਚੇ ਹੋਏ ਹਾਂ। ਵੇਖ ਅਸੀਂ ਆਪਣੇ ਅਪਰਾਧਾਂ ਦੇ ਵਿੱਚ ਤੇਰੇ ਸਾਹਮਣੇ ਹਾਂ, ਕਿਉਂਕਿ ਕੌਣ ਹੈ ਜੋ ਇਨ੍ਹਾਂ ਦੇ ਕਾਰਨ ਤੇਰੇ ਸਾਹਮਣੇ ਖੜਾ ਰਹਿ ਸਕੇ?”

< ਅਜ਼ਰਾ 9 >