< ਹਿਜ਼ਕੀਏਲ 14 >

1 ਫੇਰ ਇਸਰਾਏਲ ਦੇ ਕੁਝ ਕੁ ਬਜ਼ੁਰਗ ਮੇਰੇ ਕੋਲ ਆਏ ਅਤੇ ਅੱਗੇ ਬਹਿ ਗਏ। 2 ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 3 ਹੇ ਮਨੁੱਖ ਦੇ ਪੁੱਤਰ, ਇਹਨਾਂ ਮਨੁੱਖਾਂ ਨੇ ਆਪਣੀਆਂ ਮੂਰਤੀਆਂ ਨੂੰ ਆਪਣੇ ਮਨ ਵਿੱਚ ਥਾਂ ਦਿੱਤਾ ਹੈ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖੀ ਹੈ। ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਉਹ ਮੇਰੇ ਕੋਲੋਂ ਕੁਝ ਪੁੱਛਣ। 4 ਇਸ ਲਈ ਤੂੰ ਉਹਨਾਂ ਨਾਲ ਗੱਲਾਂ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਇਸਰਾਏਲ ਦੇ ਘਰਾਣੇ ਵਿੱਚੋਂ ਜਿਹੜਾ ਕੋਈ ਆਪਣੀਆਂ ਮੂਰਤੀਆਂ ਆਪਣੇ ਮਨ ਵਿੱਚ ਸਥਾਪਿਤ ਕਰਕੇ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖ ਕੇ ਨਬੀ ਦੇ ਕੋਲ ਜਾਂਦਾ ਹੈ, ਮੈਂ ਯਹੋਵਾਹ ਉਹ ਦੀਆਂ ਮੂਰਤੀਆਂ ਦੀ ਗਿਣਤੀ ਅਨੁਸਾਰ ਉਸ ਨੂੰ ਉੱਤਰ ਦਿਆਂਗਾ। 5 ਤਾਂ ਜੋ ਮੈਂ ਇਸਰਾਏਲ ਦੇ ਘਰਾਣੇ ਦੇ ਮਨਾਂ ਨੂੰ ਫੜ੍ਹਾਂ, ਕਿਉਂ ਜੋ ਉਹ ਸਾਰੇ ਦੇ ਸਾਰੇ ਆਪਣੀਆਂ ਮੂਰਤੀਆਂ ਦੇ ਕਾਰਨ ਮੇਰੇ ਕੋਲੋਂ ਦੂਰ ਹੋ ਗਏ ਹਨ। 6 ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਮੁੜੋ ਅਤੇ ਆਪਣੀਆਂ ਮੂਰਤੀਆਂ ਵੱਲੋਂ ਫਿਰੋ ਅਤੇ ਆਪਣੇ ਸਾਰੇ ਘਿਣਾਉਣਿਆਂ ਕੰਮਾਂ ਵੱਲੋਂ ਮੂੰਹ ਮੋੜੋ। 7 ਕਿਉਂ ਜੋ ਹਰੇਕ ਜੋ ਇਸਰਾਏਲ ਦੇ ਘਰਾਣੇ ਵਿੱਚੋਂ ਹੈ ਜਾਂ ਉਹਨਾਂ ਓਪਰਿਆਂ ਵਿੱਚੋਂ ਜਿਹੜੇ ਇਸਰਾਏਲ ਵਿੱਚ ਰਹਿੰਦੇ ਹਨ, ਮੇਰੇ ਤੋਂ ਅੱਡ ਹੁੰਦਾ ਜਾਂਦਾ ਹੈ, ਆਪਣੇ ਮਨ ਵਿੱਚ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਮੇਰੇ ਬਾਰੇ ਪੁੱਛਣ ਲਈ ਆਉਂਦਾ ਹੈ, ਉਹ ਨੂੰ ਮੈਂ ਯਹੋਵਾਹ ਆਪੇ ਹੀ ਉੱਤਰ ਦਿਆਂਗਾ। 8 ਮੇਰਾ ਚਿਹਰਾ ਉਸ ਮਨੁੱਖ ਦੇ ਵਿਰੁੱਧ ਹੋਵੇਗਾ ਅਤੇ ਉਹ ਨੂੰ ਨਿਸ਼ਾਨ ਲਈ ਅਤੇ ਕਹਾਉਤਾਂ ਲਈ ਹੈਰਾਨੀ ਦਾ ਕਾਰਨ ਬਣਾਵਾਂਗਾ। ਮੈਂ ਉਹ ਨੂੰ ਆਪਣੇ ਲੋਕਾਂ ਵਿੱਚੋਂ ਕੱਢ ਦਿਆਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ! 9 ਜੇਕਰ ਨਬੀ ਧੋਖਾ ਖਾ ਕੇ ਕੁਝ ਆਖੇ, ਤਾਂ ਮੈਂ ਯਹੋਵਾਹ ਨੇ ਉਸ ਨਬੀ ਨੂੰ ਧੋਖਾ ਦਿੱਤਾ, ਮੈਂ ਆਪਣਾ ਹੱਥ ਉਹ ਦੇ ਉੱਤੇ ਚੁੱਕਾਂਗਾ ਅਤੇ ਉਹ ਨੂੰ ਆਪਣੀ ਇਸਰਾਏਲੀ ਪਰਜਾ ਵਿੱਚੋਂ ਮਿਟਾ ਦਿਆਂਗਾ। 10 ੧੦ ਉਹ ਆਪਣੀ ਬਦੀ ਦੀ ਸਜ਼ਾ ਪਾਉਣਗੇ। ਨਬੀ ਦੀ ਬਦੀ ਦੀ ਸਜ਼ਾ ਵੀ ਉਹੀ ਹੋਵੇਗੀ, ਜੋ ਉਸ ਤੋਂ ਪੁੱਛਣ ਵਾਲੇ ਦੀ ਹੋਵੇਗੀ, 11 ੧੧ ਤਾਂ ਜੋ ਇਸਰਾਏਲ ਦਾ ਘਰਾਣਾ ਮੇਰੇ ਪਿੱਛੇ ਤੁਰਨ ਤੋਂ ਕੁਰਾਹੇ ਨਾ ਪੈ ਜਾਵੇ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਫੇਰ ਆਪਣੇ ਆਪ ਨੂੰ ਭਰਿਸ਼ਟ ਨਾ ਕਰੇ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਉਹ ਮੇਰੀ ਪਰਜਾ ਹੋਣ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂ। 12 ੧੨ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 13 ੧੩ ਹੇ ਮਨੁੱਖ ਦੇ ਪੁੱਤਰ, ਜਦੋਂ ਕੋਈ ਦੇਸ ਭਾਰੀ ਪਾਪ ਕਰਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ, ਉਸ ਦੀ ਰੋਟੀ ਦਾ ਸਾਧਨ ਤੋੜ ਦੇਵਾਂ, ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ। 14 ੧੪ ਭਾਵੇਂ ਉਸ ਵਿੱਚ ਨੂਹ, ਦਾਨੀਏਲ ਅਤੇ ਅੱਯੂਬ ਤਿੰਨੇ ਮਨੁੱਖ ਹੋਣ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਬਚਾਉਣਗੇ। 15 ੧੫ ਜੇਕਰ ਮੈਂ ਕਿਸੇ ਦੇਸ ਵਿੱਚ ਬੁਰੇ ਦਰਿੰਦੇ ਭੇਜਾਂ ਕਿ ਉਸ ਵਿੱਚ ਫਿਰ ਕੇ ਉਹ ਨੂੰ ਉਜਾੜ ਸੁੱਟਣ ਅਤੇ ਉਹ ਐਨਾ ਵਿਰਾਨ ਹੋ ਜਾਵੇ ਕਿ ਉਹਨਾਂ ਦਰਿੰਦਿਆਂ ਕਰਕੇ ਕੋਈ ਉਸ ਵਿੱਚੋਂ ਲੰਘ ਨਾ ਸਕੇ, 16 ੧੬ ਤਾਂ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ, ਤਾਂ ਵੀ ਉਹ ਧੀਆਂ ਅਤੇ ਪੁੱਤਰਾਂ ਨੂੰ ਨਾ ਬਚਾ ਸਕਣਗੇ, ਕੇਵਲ ਉਹ ਆਪ ਹੀ ਬਚਣਗੇ ਅਤੇ ਦੇਸ ਵਿਰਾਨ ਹੋ ਜਾਵੇਗਾ। 17 ੧੭ ਜਾਂ ਜੇਕਰ ਮੈਂ ਉਸ ਦੇਸ ਵਿੱਚ ਤਲਵਾਰ ਭੇਜਾਂ ਅਤੇ ਆਖਾਂ, ਹੇ ਤਲਵਾਰ, ਦੇਸ ਵਿੱਚੋਂ ਲੰਘ ਭਈ ਮੈਂ ਉਹ ਦੇ ਮਨੁੱਖਾਂ ਤੇ ਪਸ਼ੂਆਂ ਨੂੰ ਵੱਢ ਸੁੱਟਾਂ, 18 ੧੮ ਤਾਂ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਹ ਦੇ ਵਿੱਚ ਹੋਣ ਤਾਂ ਵੀ ਉਹ ਧੀਆਂ, ਪੁੱਤਰਾਂ ਨੂੰ ਨਹੀਂ ਬਚਾ ਸਕਣਗੇ। 19 ੧੯ ਜਾਂ ਜੇਕਰ ਮੈਂ ਉਸ ਦੇਸ ਵਿੱਚ ਮਰੀ ਭੇਜਾਂ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਭੇਜਾਂ, ਜੋ ਉੱਥੋਂ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ। 20 ੨੦ ਭਾਵੇਂ ਨੂਹ, ਦਾਨੀਏਲ ਅਤੇ ਅੱਯੂਬ ਉਸ ਵਿੱਚ ਹੋਣ ਤਾਂ ਵੀ ਪ੍ਰਭੂ ਯਹੋਵਾਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸਹੁੰ ਕਿ ਉਹ ਨਾ ਪੁੱਤਰ ਨੂੰ ਛੁਡਾ ਸਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਸਕਣਗੇ। 21 ੨੧ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਨਾਲੇ ਜੇ ਮੈਂ ਆਪਣੇ ਚਾਰ ਭਿਆਨਕ ਨਿਆਂ ਅਰਥਾਤ ਤਲਵਾਰ, ਕਾਲ, ਬੁਰੇ ਦਰਿੰਦੇ ਅਤੇ ਮਰੀ ਯਰੂਸ਼ਲਮ ਉੱਤੇ ਭੇਜਾਂ, ਕਿ ਉਸ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਣ, 22 ੨੨ ਤਾਂ ਵੀ ਵੇਖੋ, ਉੱਥੇ ਕੁਝ ਕੁ ਪੁੱਤਰ ਧੀਆਂ ਬਚ ਰਹਿਣਗੇ, ਜਿਹੜੇ ਕੱਢੇ ਜਾਣਗੇ ਅਤੇ ਤੁਹਾਡੇ ਕੋਲ ਪਹੁੰਚਾਏ ਜਾਣਗੇ। ਤੁਸੀਂ ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਉਸ ਬਲਾ ਦੇ ਬਾਰੇ ਜੋ ਮੈਂ ਯਰੂਸ਼ਲਮ ਉੱਤੇ ਭੇਜੀ ਅਤੇ ਉਹਨਾਂ ਸਾਰੀਆਂ ਬਲਾਵਾਂ ਦੇ ਬਾਰੇ ਜੋ ਮੈਂ ਉਸ ਉੱਤੇ ਭੇਜੀਆਂ ਹਨ, ਤੁਸੀਂ ਤਸੱਲੀ ਪਾਓਗੇ। 23 ੨੩ ਉਹ ਵੀ ਜਦ ਤੁਸੀਂ ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਡੀ ਤਸੱਲੀ ਹੋਵੇਗੀ ਅਤੇ ਤੁਸੀਂ ਜਾਣੋਗੇ ਕਿ ਜੋ ਕੁਝ ਮੈਂ ਕੀਤਾ ਹੈ ਬਿਨਾਂ ਕਾਰਨ ਨਹੀਂ ਕੀਤਾ, ਪ੍ਰਭੂ ਯਹੋਵਾਹ ਦਾ ਵਾਕ ਹੈ।

< ਹਿਜ਼ਕੀਏਲ 14 >