< 2 ਰਾਜਿਆਂ 20 >

1 ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਕੇ ਮਰਨ ਵਾਲਾ ਸੀ, ਤਾਂ ਆਮੋਸ ਦਾ ਪੁੱਤਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ ਕਿ ਯਹੋਵਾਹ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਬਚੇਂਗਾ ਨਹੀਂ। 2 ਤਦ ਉਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਕੋਲੋਂ ਇਹ ਪ੍ਰਾਰਥਨਾ ਕੀਤੀ। 3 ਹੇ ਯਹੋਵਾਹ, ਮੈਂ ਤੇਰੀ ਮਿੰਨਤ ਕਰਦਾ ਹਾਂ ਯਾਦ ਕਰੀਂ ਕਿ ਮੈਂ ਕਿਵੇਂ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ, ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ। 4 ਤਾਂ ਇਸ ਤਰ੍ਹਾਂ ਕਿ ਯਸਾਯਾਹ ਨਿੱਕਲ ਕੇ ਵਿਹੜੇ ਦੇ ਵਿੱਚਕਾਰ ਵੀ ਨਹੀਂ ਗਿਆ ਸੀ, ਕਿ ਯਹੋਵਾਹ ਦਾ ਬਚਨ ਉਸ ਨੂੰ ਮਿਲਿਆ। 5 ਕਿ ਮੁੜ ਜਾ ਅਤੇ ਤੂੰ ਮੇਰੀ ਪਰਜਾ ਦੇ ਪ੍ਰਧਾਨ ਹਿਜ਼ਕੀਯਾਹ ਨੂੰ ਆਖ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ। ਮੈਂ ਤੇਰੇ ਅੱਥਰੂ ਵੇਖ ਲਏ ਹਨ। ਵੇਖ, ਮੈਂ ਤੈਨੂੰ ਚੰਗਾ ਕਰਨ ਵਾਲਾ ਹਾਂ ਤੀਜੇ ਦਿਹਾੜੇ ਤੂੰ ਯਹੋਵਾਹ ਦੇ ਭਵਨ ਵਿੱਚ ਜਾਏਂਗਾ। 6 ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾਵਾਂਗਾ ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ ਅਤੇ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਦੀ ਰੱਖਿਆ ਕਰਾਂਗਾ। 7 ਤਾਂ ਯਸਾਯਾਹ ਨੇ ਆਖਿਆ, ਤੁਸੀਂ ਹੰਜ਼ੀਰਾਂ ਦੀ ਇੱਕ ਲੁਪਰੀ ਲਓ। ਸੋ ਉਨ੍ਹਾਂ ਨੇ ਉਹ ਲੈ ਕੇ ਫੋੜੇ ਉੱਤੇ ਬੰਨੀ ਅਤੇ ਉਹ ਚੰਗਾ ਹੋ ਗਿਆ। 8 ਫੇਰ ਹਿਜ਼ਕੀਯਾਹ ਨੇ ਯਸਾਯਾਹ ਤੋਂ ਪੁੱਛਿਆ ਕਿ ਕੀ ਨਿਸ਼ਾਨ ਹੈ ਜੋ ਯਹੋਵਾਹ ਮੈਨੂੰ ਚੰਗਾ ਕਰ ਦੇਵੇਗਾ ਅਤੇ ਮੈਂ ਤੀਜੇ ਦਿਹਾੜੇ ਯਹੋਵਾਹ ਦੇ ਭਵਨ ਨੂੰ ਜਾਂਵਾਂਗਾ? 9 ਤਦ ਯਸਾਯਾਹ ਨੇ ਆਖਿਆ ਕਿ ਇਸ ਗੱਲ ਦਾ ਕਿ ਯਹੋਵਾਹ ਨੇ ਜੋ ਕੰਮ ਕਰਨ ਨੂੰ ਆਖਿਆ ਹੈ, ਉਹ ਨੂੰ ਕਰੇਗਾ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੈ, ਕੀ ਪਰਛਾਵਾਂ ਦਸ ਦਰਜੇ ਅਗਾਹਾਂ ਨੂੰ ਜਾਏ ਜਾਂ ਦਸ ਦਰਜੇ ਪਿਛਾਹਾਂ ਨੂੰ ਮੁੜੇ? 10 ੧੦ ਤਾਂ ਹਿਜ਼ਕੀਯਾਹ ਬੋਲਿਆ ਕਿ ਪਰਛਾਵੇਂ ਦਾ ਦਸ ਦਰਜੇ ਅਗਾਹਾਂ ਜਾਣਾ ਤਾਂ ਨਿੱਕੀ ਜਿਹੀ ਗੱਲ ਹੈ। ਨਹੀਂ ਸਗੋਂ ਪਰਛਾਵਾਂ ਦਸ ਦਰਜੇ ਪਿਛਾਹਾਂ ਨੂੰ ਮੁੜੇ। 11 ੧੧ ਫਿਰ ਯਸਾਯਾਹ ਨਬੀ ਨੇ ਯਹੋਵਾਹ ਨੂੰ ਪੁਕਾਰਿਆ ਸੋ ਉਸ ਨੇ ਪਰਛਾਵੇਂ ਨੂੰ ਆਹਾਜ਼ ਦੀ ਧੁੱਪ ਘੜੀ ਵਿੱਚ ਦਸ ਦਰਜੇ ਅਰਥਾਤ ਜਿੰਨ੍ਹਾਂ ਉਹ ਢੱਲ਼ ਚੁੱਕਿਆ ਸੀ, ਓਨ੍ਹਾਂ ਹੀ ਪਿੱਛੇ ਨੂੰ ਮੋੜ ਦਿੱਤਾ। 12 ੧੨ ਉਸ ਸਮੇਂ ਬਾਬਲ ਦੇ ਰਾਜੇ ਬਲਦਾਨ ਦੇ ਪੁੱਤਰ ਮਰੋਦਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇੱਕ ਸੁਗ਼ਾਤ ਭੇਜੀ, ਕਿਉਂ ਜੋ ਉਸ ਨੇ ਸੁਣਿਆ ਸੀ ਕਿ ਹਿਜ਼ਕੀਯਾਹ ਬਿਮਾਰ ਹੋ ਗਿਆ ਸੀ। 13 ੧੩ ਅਤੇ ਹਿਜ਼ਕੀਯਾਹ ਨੇ ਉਨ੍ਹਾਂ ਦੀ ਸੁਣੀ ਅਤੇ ਆਪਣਾ ਸਾਰਾ ਤੋਸ਼ਾ-ਖ਼ਾਨਾ ਉਨ੍ਹਾਂ ਨੂੰ ਵਿਖਾਇਆ, ਚਾਂਦੀ, ਸੋਨਾ, ਮਸਾਲਾ, ਖ਼ਾਲਸ ਤੇਲ, ਆਪਣਾ ਸ਼ਸਤਰ-ਖ਼ਾਨਾ ਅਤੇ ਸਭ ਕੁਝ ਜੋ ਉਹ ਦੇ ਖਜ਼ਾਨਿਆਂ ਵਿੱਚ ਸੀ। ਉਹ ਦੇ ਮਹਿਲ ਵਿੱਚ ਅਤੇ ਉਹ ਦੇ ਸਾਰੇ ਰਾਜ ਵਿੱਚ ਅਜਿਹਾ ਕੁਝ ਨਹੀਂ ਸੀ, ਜਿਸ ਨੂੰ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਨਹੀਂ ਵਿਖਾਇਆ। 14 ੧੪ ਤਦ ਯਸਾਯਾਹ ਨਬੀ ਹਿਜ਼ਕੀਯਾਹ ਰਾਜਾ ਕੋਲ ਆਇਆ ਅਤੇ ਉਸ ਨੂੰ ਪੁੱਛਿਆ, ਇਨ੍ਹਾਂ ਮਨੁੱਖਾਂ ਨੇ ਕੀ ਆਖਿਆ ਅਤੇ ਉਹ ਕਿੱਥੋਂ ਤੇਰੇ ਕੋਲ ਆਏ ਹਨ? ਹਿਜ਼ਕੀਯਾਹ ਨੇ ਅੱਗੋਂ ਉੱਤਰ ਦਿੱਤਾ, ਉਹ ਇੱਕ ਦੂਰ ਦੇਸ ਤੋਂ ਆਏ, ਅਰਥਾਤ ਬਾਬਲ ਤੋਂ। 15 ੧੫ ਤਾਂ ਉਸ ਆਖਿਆ ਕਿ ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ-ਕੀ ਵੇਖਿਆ? ਤਦ ਹਿਜ਼ਕੀਯਾਹ ਨੇ ਆਖਿਆ ਕਿ ਜੋ ਕੁਝ ਮੇਰੇ ਮਹਿਲ ਵਿੱਚ ਹੈ ਉਹ ਸਭ ਉਨ੍ਹਾਂ ਨੇ ਵੇਖਿਆ ਹੈ। ਮੇਰਿਆਂ ਖਜ਼ਾਨਿਆਂ ਵਿੱਚ ਕੋਈ ਚੀਜ਼ ਨਹੀਂ ਜੋ ਮੈਂ ਉਨ੍ਹਾਂ ਨੂੰ ਨਹੀਂ ਵਿਖਾਈ। 16 ੧੬ ਤਦ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ ਕਿ ਤੂੰ ਯਹੋਵਾਹ ਦਾ ਬਚਨ ਸੁਣ ਲੈ! 17 ੧੭ ਵੇਖ ਉਹ ਦਿਨ ਆਉਂਦੇ ਹਨ ਜਦ ਸਭ ਕੁਝ ਜੋ ਤੇਰੇ ਮਹਿਲ ਵਿੱਚ ਹੈ ਅਤੇ ਜੋ ਕੁਝ ਤੇਰੇ ਪੁਰਖਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੈ ਬਾਬਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਾ ਜਾਵੇਗਾ, ਯਹੋਵਾਹ ਆਖਦਾ ਹੈ। 18 ੧੮ ਅਤੇ ਤੇਰਿਆਂ ਪੁੱਤਰਾਂ ਵਿੱਚੋਂ ਜੋ ਤੇਰੇ ਤੋਂ ਪੈਦਾ ਹੋਣਗੇ ਅਤੇ ਜੋ ਤੇਰੇ ਤੋਂ ਜੰਮਣਗੇ, ਕਈਆਂ ਨੂੰ ਓਹ ਲੈ ਜਾਣਗੇ ਅਤੇ ਉਹ ਬਾਬਲ ਦੇ ਰਾਜੇ ਦੇ ਮਹਿਲ ਵਿੱਚ ਖੁਸਰੇ ਬਣਨਗੇ। 19 ੧੯ ਅੱਗੋਂ ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ ਕਿ ਯਹੋਵਾਹ ਦਾ ਬਚਨ ਜੋ ਤੂੰ ਬੋਲਿਆ ਹੈ ਉਹ ਚੰਗਾ ਹੈ, ਕਿਉਂ ਜੋ ਉਸ ਨੇ ਸੋਚਿਆ ਕਿ ਮੇਰੇ ਦਿਨਾਂ ਵਿੱਚ ਤਾਂ ਸ਼ਾਂਤੀ ਅਤੇ ਅਮਨ ਰਹੇਗਾ? 20 ੨੦ ਹਿਜ਼ਕੀਯਾਹ ਦੇ ਬਾਕੀ ਕੰਮ ਅਤੇ ਉਹ ਦੀ ਸਾਰੀ ਸਮਰੱਥਾ ਅਤੇ ਕਿਵੇਂ ਉਹ ਨੇ ਇੱਕ ਤਲਾਬ ਤੇ ਨਾਲੀ ਬਣਾ ਕੇ ਸ਼ਹਿਰ ਵਿੱਚ ਪਾਣੀ ਲਿਆਂਦਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ? 21 ੨੧ ਸੋ ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹ ਦਾ ਪੁੱਤਰ ਮਨੱਸ਼ਹ ਉਹ ਦੇ ਥਾਂ ਰਾਜ ਕਰਨ ਲੱਗਾ।

< 2 ਰਾਜਿਆਂ 20 >