< 1 ਸਮੂਏਲ 1 >

1 ਇਫ਼ਰਾਈਮ ਦੇ ਪਰਬਤ ਵਿੱਚ ਰਾਮਾਤੈਮ ਸੋਫ਼ੀਮ ਦਾ ਇੱਕ ਮਨੁੱਖ ਸੀ, ਜਿਸ ਦਾ ਨਾਮ ਅਲਕਾਨਾਹ ਸੀ, ਜੋ ਯਰੋਹਾਮ ਦਾ ਪੁੱਤਰ ਸੀ, ਜੋ ਅਲੀਹੂ ਦਾ ਪੁੱਤਰ ਜੋ ਤੋਹੁ ਦਾ ਪੁੱਤਰ, ਜੋ ਸੂਫ਼ ਇਫ਼ਰਾਥੀ ਦਾ ਪੁੱਤਰ ਸੀ। 2 ਉਹ ਦੀਆਂ ਦੋ ਪਤਨੀਆਂ ਸਨ। ਇੱਕ ਦਾ ਨਾਮ ਹੰਨਾਹ ਅਤੇ ਦੂਜੀ ਦਾ ਨਾਮ ਪਨਿੰਨਾਹ ਸੀ। ਪਨਿੰਨਾਹ ਦੇ ਦੋ ਪੁੱਤਰ ਸਨ, ਪਰ ਹੰਨਾਹ ਦੇ ਸੰਤਾਨ ਨਹੀਂ ਸੀ। 3 ਅਲਕਾਨਾਹ ਹਰੇਕ ਸਾਲ ਆਪਣੇ ਸ਼ਹਿਰ ਤੋਂ ਸ਼ੀਲੋਹ ਵਿੱਚ ਸੈਨਾਵਾਂ ਦੇ ਯਹੋਵਾਹ ਦੀ ਉਸਤਤ ਕਰਨ ਅਤੇ ਭੇਟ ਚੜ੍ਹਾਉਣ ਜਾਂਦਾ ਹੁੰਦਾ ਸੀ, ਜਿੱਥੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ, ਯਹੋਵਾਹ ਦੇ ਜਾਜਕ ਸਨ। 4 ਅਜਿਹਾ ਹੋਇਆ ਜਦੋਂ ਅਲਕਾਨਾਹ ਭੇਂਟ ਚੜ੍ਹਾਉਂਦਾ ਹੁੰਦਾ ਸੀ ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਹ ਦੇ ਪੁੱਤਰਾਂ ਅਤੇ ਧੀਆਂ ਨੂੰ ਉਸ ਵਿੱਚੋਂ ਹਿੱਸਾ ਦਿੰਦਾ ਹੁੰਦਾ ਸੀ। 5 ਪਰ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ ਕਿਉਂ ਜੋ ਉਹ ਹੰਨਾਹ ਨੂੰ ਪਿਆਰ ਕਰਦਾ ਸੀ, ਕਿਉਂਕਿ ਯਹੋਵਾਹ ਨੇ ਉਸ ਦੀ ਕੁੱਖ ਬੰਦ ਕਰ ਛੱਡੀ ਸੀ। 6 ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਹੋਵਾਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ। 7 ਹਰੇਕ ਸਾਲ ਜਦ ਉਹ ਯਹੋਵਾਹ ਦੇ ਘਰ ਜਾਂਦਾ ਸੀ ਤਦ ਇਸੇ ਤਰ੍ਹਾਂ ਉਹ ਨੂੰ ਖਿਝਾਉਂਦੀ ਸੀ ਇਸ ਲਈ ਉਹ ਰੋਂਦੀ ਰਹਿੰਦੀ ਅਤੇ ਕੁਝ ਨਾ ਖਾਂਦੀ ਸੀ। 8 ਸੋ ਅਜਿਹਾ ਹੋਇਆ ਜੋ ਉਹ ਦੇ ਪਤੀ ਅਲਕਾਨਾਹ ਨੇ ਉਹ ਨੂੰ ਆਖਿਆ, ਹੇ ਹੰਨਾਹ, ਤੂੰ ਕਿਉਂ ਰੋਂਦੀ ਹੈਂ ਅਤੇ ਖਾਂਦੀ ਕਿਉਂ ਨਹੀਂ ਅਤੇ ਤੇਰਾ ਮਨ ਕਿਉਂ ਕੁੜਦਾ ਰਹਿੰਦਾ ਹੈ? ਭਲਾ, ਕੀ ਮੈਂ ਤੇਰੇ ਲਈ ਦਸ ਪੁੱਤਰਾਂ ਨਾਲੋਂ ਚੰਗਾ ਨਹੀਂ? 9 ਜਦ ਉਹ ਸ਼ੀਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸ ਵੇਲੇ ਏਲੀ ਜਾਜਕ ਯਹੋਵਾਹ ਦੀ ਹੈਕਲ ਦੀ ਚੁਗਾਠ ਕੋਲ ਗੱਦੀ ਉੱਤੇ ਬੈਠਾ ਹੋਇਆ ਸੀ। 10 ੧੦ ਹੰਨਾਹ ਦਾ ਮਨ ਬਹੁਤ ਉਦਾਸ ਹੋਇਆ ਸੋ ਉਹ ਨੇ ਯਹੋਵਾਹ ਦੀ ਅੱਗੇ ਪ੍ਰਾਰਥਨਾ ਕੀਤੀ ਅਤੇ ਭੁੱਬਾਂ ਮਾਰ-ਮਾਰ ਰੋਈ 11 ੧੧ ਅਤੇ ਉਹ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸੈਨਾਵਾਂ ਦੇ ਯਹੋਵਾਹ, ਜੋ ਤੂੰ ਆਪਣੀ ਦਾਸੀ ਦੇ ਦੁੱਖ ਵੱਲ ਧਿਆਨ ਕਰੇ ਅਤੇ ਮੈਨੂੰ ਚੇਤੇ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇਂ ਤਾਂ ਮੈਂ ਉਹ ਨੂੰ ਜਿਨ੍ਹਾਂ ਚਿਰ ਉਹ ਜੀਉਂਦਾ ਰਹੇ ਯਹੋਵਾਹ ਨੂੰ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ। 12 ੧੨ ਜਦ ਉਹ ਯਹੋਵਾਹ ਦੇ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਏਲੀ ਨੇ ਉਹ ਦੇ ਚਿਹਰੇ ਵੱਲ ਵੇਖਿਆ। 13 ੧੩ ਪਰ ਹੰਨਾਹ ਆਪਣੇ ਮਨ ਵਿੱਚ ਹੀ ਆਖਦੀ ਸੀ ਉਹ ਦੇ ਸਿਰਫ਼ ਬੁੱਲ ਹੀ ਹਿੱਲਦੇ ਸਨ ਪਰ ਉਹ ਦੀ ਆਵਾਜ਼ ਨਾ ਸੁਣਾਈ ਦਿੰਦੀ ਸੀ ਸੋ ਏਲੀ ਨੇ ਸਮਝਿਆ ਕਿ ਉਹ ਨਸ਼ੇ ਵਿੱਚ ਹੈ 14 ੧੪ ਸੋ ਏਲੀ ਨੇ ਉਹ ਨੂੰ ਆਖਿਆ, ਤੂੰ ਕਿੰਨ੍ਹਾਂ ਚਿਰ ਨਸ਼ੇ ਵਿੱਚ ਰਹੇਂਗੀ? ਤੂੰ ਆਪਣੀ ਖੁਮਾਰੀ ਨੂੰ ਛੱਡ 15 ੧੫ ਤਦ ਹੰਨਾਹ ਨੇ ਉੱਤਰ ਦਿੱਤਾ ਅਤੇ ਆਖਿਆ, ਨਹੀਂ ਮੇਰੇ ਪ੍ਰਭੂ ਜੀ, ਮੈਂ ਤਾਂ ਉਦਾਸ ਮਨ ਦੀ ਔਰਤ ਹਾਂ। ਮੈਂ ਕਿਸੇ ਤਰ੍ਹਾਂ ਦੀ ਮੈ ਜਾਂ ਕੋਈ ਹੋਰ ਨਸ਼ਾ ਨਹੀਂ ਪੀਤਾ ਪਰ ਯਹੋਵਾਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ। 16 ੧੬ ਤੂੰ ਆਪਣੀ ਦਾਸੀ ਨੂੰ ਬੁਰੀ ਇਸਤਰੀ ਨਾ ਜਾਣ। ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਹੁਣ ਤੱਕ ਬੋਲਦੀ ਰਹੀ ਹਾਂ। 17 ੧੭ ਤਦ ਏਲੀ ਨੇ ਉੱਤਰ ਦਿੱਤਾ ਅਤੇ ਆਖਿਆ, ਸੁੱਖ-ਸਾਂਦ ਹੋਵੇ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਬੇਨਤੀ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ। 18 ੧੮ ਉਹ ਨੇ ਆਖਿਆ ਤੇਰੀ ਦਯਾ ਤੇਰੀ ਦਾਸੀ ਉੱਤੇ ਹੋਵੇ। ਤਦ ਉਸ ਇਸਤਰੀ ਨੇ ਜਾ ਕੇ ਰੋਟੀ ਖਾਧੀ ਅਤੇ ਫੇਰ ਉਸ ਦਾ ਚਿਹਰਾ ਉਦਾਸ ਨਾ ਹੋਇਆ। 19 ੧੯ ਅਗਲੇ ਦਿਨ ਉਹਨਾਂ ਸਵੇਰੇ ਉੱਠ ਕੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ ਅਤੇ ਮੁੜ ਕੇ ਰਾਮਾਹ ਵਿੱਚ ਆਪਣੇ ਘਰ ਆਏ। ਤਦ ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸੰਗ ਕੀਤਾ ਸੋ ਯਹੋਵਾਹ ਨੇ ਉਸ ਨੂੰ ਚੇਤੇ ਕੀਤਾ, 20 ੨੦ ਹੰਨਾਹ ਦੇ ਗਰਭਵਤੀ ਹੋਣ ਦੇ ਪਿੱਛੋਂ ਜਦ ਦਿਨ ਪੂਰੇ ਹੋਏ ਤਾਂ ਉਸਨੇ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਦਾ ਨਾਮ ਸਮੂਏਲ ਰੱਖਿਆ ਕਿਉਂ ਜੋ ਉਹ ਨੇ ਆਖਿਆ ਭਈ ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ। 21 ੨੧ ਉਹ ਮਨੁੱਖ ਅਲਕਾਨਾਹ ਆਪਣੇ ਸਾਰੇ ਟੱਬਰ ਨਾਲ ਉਸ ਸਾਲ ਦੀ ਭੇਟ ਅਤੇ ਸੁੱਖਣਾ ਯਹੋਵਾਹ ਅੱਗੇ ਚੜਾਉਣ ਨੂੰ ਗਿਆ। 22 ੨੨ ਪਰ ਹੰਨਾਹ ਉਹਨਾਂ ਨਾਲ ਨਹੀਂ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, ਜਿਨ੍ਹਾਂ ਚਿਰ ਬਾਲਕ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਂਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਅਤੇ ਫੇਰ ਸਦਾ ਉੱਥੇ ਹੀ ਰਹੇ। 23 ੨੩ ਇਸ ਲਈ ਉਹ ਦੇ ਪਤੀ ਅਲਕਾਨਾਹ ਨੇ ਉਸ ਨੂੰ ਆਖਿਆ, ਜੋ ਤੈਨੂੰ ਚੰਗਾ ਲੱਗੇ ਉਹੀ ਕਰ। ਜਦ ਤੱਕ ਤੂੰ ਉਸ ਦਾ ਦੁੱਧ ਨਾ ਛੁਡਾਵੇਂ ਇੱਥੇ ਹੀ ਰਹਿ। ਸਿਰਫ਼ ਯਹੋਵਾਹ ਆਪਣੇ ਬਚਨ ਨੂੰ ਪੂਰਾ ਕਰੇ। ਇਸ ਲਈ ਉਹ ਇਸਤਰੀ ਉੱਥੇ ਠਹਿਰੀ ਰਹੀ ਅਤੇ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਂਦੀ ਰਹੀ, ਜਦ ਤੱਕ ਉਸ ਦਾ ਦੁੱਧ ਨਾ ਛੁਡਾਇਆ ਗਿਆ। 24 ੨੪ ਜਦ ਉਹ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਤਿੰਨ ਸਾਲਾਂ ਦਾ ਵੱਛਾ, ਦਸ ਕਿੱਲੋ ਆਟਾ ਅਤੇ ਦਾਖ਼ਰਸ ਦੀ ਇੱਕ ਮੇਸ਼ੇਕ ਆਪਣੇ ਨਾਲ ਲੈ ਲਈ ਅਤੇ ਉਸ ਬਾਲਕ ਨੂੰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਲੈ ਆਈ ਉਹ ਬਾਲਕ ਅਜੇ ਨਿਆਣਾ ਹੀ ਸੀ। 25 ੨੫ ਤਦ ਉਨ੍ਹਾਂ ਨੇ ਵੱਛੇ ਨੂੰ ਭੇਂਟ ਚੜਾਇਆ ਅਤੇ ਬਾਲਕ ਨੂੰ ਏਲੀ ਕੋਲ ਲੈ ਆਏ 26 ੨੬ ਅਤੇ ਉਹ ਬੋਲੀ, ਹੇ ਮੇਰੇ ਸੁਆਮੀ, ਤੇਰੇ ਜੀਵਨ ਦੀ ਸਹੁੰ, ਹੇ ਸੁਆਮੀ, ਮੈਂ ਉਹੋ ਇਸਤਰੀ ਹਾਂ ਜਿਸ ਨੇ ਤੇਰੇ ਕੋਲ ਇੱਥੇ ਖੜ੍ਹੇ ਹੋ ਕੇ ਯਹੋਵਾਹ ਦੇ ਅੱਗੇ ਪ੍ਰਾਰਥਨਾ ਕੀਤੀ ਸੀ 27 ੨੭ ਮੈਂ ਇਸ ਬਾਲਕ ਦੇ ਲਈ ਪ੍ਰਾਰਥਨਾ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਬੇਨਤੀ ਜੋ ਮੈਂ ਉਸ ਕੋਲੋਂ ਮੰਗੀ ਸੀ, ਪੂਰੀ ਕੀਤੀ 28 ੨੮ ਇਸ ਲਈ ਮੈਂ ਵੀ ਇਹ ਨੂੰ ਯਹੋਵਾਹ ਨੂੰ ਦੇ ਦਿੱਤਾ ਹੈ। ਜਦ ਤੱਕ ਇਹ ਜੀਉਂਦਾ ਰਹੇ, ਇਹ ਯਹੋਵਾਹ ਨੂੰ ਦਿੱਤਾ ਹੋਇਆ ਹੀ ਰਹੇ ਅਤੇ ਉਸ ਨੇ ਯਹੋਵਾਹ ਨੂੰ ਉੱਥੇ ਮੱਥਾ ਟੇਕਿਆ।

< 1 ਸਮੂਏਲ 1 >